
ਟਾਂਡਾ (ਦ ਸਟੈਲਰ ਨਿਊਜ਼)। ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਕਈ ਨੌਜਵਾਨ ਬੀਤੀ ਰਾਤ ਪੰਜਾਬ ਪਹੁੰਚੇ ਹਨ। ਇਸ ਦੌਰਾਨ ਟਾਂਡਾ ਦੇ 2 ਨੌਜਵਾਨ ਹਰਵਿੰਦਰ ਸਿੰਘ ਤੇ ਸੁਖਪਾਲ ਸਿੰਘ ਦੇਰ ਸ਼ਾਮ ਅੰਮ੍ਰਿਤਸਰ ਤੋਂ ਟਾਂਡਾ ਪਹੁੰਚੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੋਵੇ ਨੌਜਵਾਨਾਂ ਨੇ ਦੱਸਿਆ ਕਿ ਏਜੰਟਾਂ ਨੇ ਉਹਨਾਂ ਨੂੰ ਹਨੇਰੇ ਵਿੱਚ ਰੱਖਿਆ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਏਜੰਟਾਂ ਦੀਆਂ ਗੱਲਾਂ ਵਿੱਚ ਨਾ ਆਓ। ਏਜੰਟ ਝੂਠ ਬੋਲ ਕੇ ਬਾਹਰ ਭੇਜਦੇ ਹਨ ਤੇ ਉੱਥੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ। ਸੁਖਪਾਲ ਨੇ ਦੱਸਿਆ ਕਿ ਰਸਤੇ ਵਿੱਚ ਡੌਕਰ ਸਾਰਾ ਕੁੱਝ ਖੋਹ ਲੈਂਦੇ ਹਨ ਤੇ ਕਿਸੇ ਦੀ ਕੋਈ ਸੇਫ਼ਟੀ ਨਹੀਂ ਹੁੰਦੀ ਤੇ ਉਹਨਾਂ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਹੈ ਤੇ ਨਾ ਹੀ ਉਹਨਾਂ ਨੂੰ ਕੁੱਝ ਖਾਣ ਨੂੰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਉਹਨਾਂ ਨੂੰ ਅਮਰੀਕਾ ਦੀ ਸਿੱਧੀ ਫ਼ਲਾਈਟ ਦੱਸ ਕੇ ਅੱਗੇ ਪੈਦਲ ਲੈ ਕੇ ਗਏ। ਸੁਖਪਾਲ ਨੇ ਖੁਲਾਸੇ ਕਰਦੇ ਹੋਏ ਕਿਹਾ ਕਿ ਡੌਂਕੀ ਵੇਲੇ ਉਸਦੇ ਸਾਹਮਣੇ ਕਈ ਲੋਕਾਂ ਦੀਆਂ ਮੌਤਾਂ ਹੋ ਗਈਆ।

ਜੇ ਕਿਸੇ ਦੇ ਸੱਟ ਲੱਗ ਜਾਂਦੀ ਤਾਂ ਉਸਨੂੰ ਉਥੇ ਹੀ ਮਰਨ ਲਈ ਛੱਡ ਦਿੰਦੇ ਹਨ। ਸੁਖਪਾਲ ਨੇ ਕਿਹਾ ਕਿ ਹੁਣ ਤਾਂ 104 ਬੰਦੇ ਡਿਪੋਰਟ ਹੋ ਕੇ ਆਏ ਹਾਂ। ਉਥੇ ਹਜ਼ਾਰਾਂ ਪੰਜਾਬੀ ਲੜਕੇ, ਬੱਚੇ, ਪਰਿਵਾਰ ਨੇ ਉਹ ਸਾਰੇ ਡਿਪੋਰਟ ਨੇ, ਹੌਲੀ-ਹੌਲੀ ਸਾਰੇ ਹੀ ਆ ਰਹੇ ਹਨ। ਦੂਜੇ ਪਾਸੇ ਹਰਵਿੰਦਰ ਨਾਲ ਵੀ ਅਮਰੀਕਾ ਦੀ ਸਿੱਧੀ ਫ਼ਲਾਈਟ ਦੱਸ ਕੇ ਏਜੰਟ ਨੇ ਧੋਖਾ ਕੀਤਾ। ਉਸਨੇ ਦੱਸਿਆ ਕਿ 42 ਲੱਖ ਲਗਾ ਕੇ ਉਹ ਅਮਰੀਕਾ ਗਿਆ ਸੀ। ਹਰਵਿੰਦਰ ਨੇ ਦੱਸਿਆ ਕਿ ਡੌਕੀ ਵੇਲੇ ਉਸਦੇ ਸਾਹਮਣੇ 2 ਲੜਕਿਆਂ ਦੀ ਮੌਤ ਹੋ ਗਈ, 1 ਲੜਕਾ ਸਮੁੰਦਰ ਵਿੱਚ ਡੁੱਬ ਗਿਆ ਜਦਕਿ ਦੂਜਾ ਲੜਕੇ ਦੀ ਜੰਗਲ ਵਿੱਚ ਮੌਤ ਹੋ ਗਈ। ਸਮੁੰਦਰ ਦੀ ਡੌਕੀ ਲਗਾਉਂਦੇ ਸਮੇਂ ਕਿਸ਼ਤੀ ਵੀ ਡੁੱਬਦੀ-ਡੁੱਬਦੀ ਬਚੀ। ਫਿਲਹਾਲ ਉਹਨਾਂ ਨੇ ਸਰਕਾਰ ਤੋਂ ਅਪਾਲ ਕੀਤੀ ਹੈ ਕਿ ਉਹਨਾਂ ਦਾ ਮੱਦਦ ਕੀਤੀ ਜਾਵੇ ਤੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ।












