
ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਦੇ ਮੇਅਰ ਦੀ ਚੋਣ ਦੌਰਾਨ ਹੋਏ ਹੰਗਾਮੇ ਦੀ ਵੀਡਿਓ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਕੌਂਸਲਰਾਂ ਨੇ ਆਰੋਪ ਲਗਾਇਆ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਧੱਕੇਸ਼ਾਹੀ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਇੰਦਰਜੀਤ ਸਿੰਘ ਪੰਡੋਰੀ ਨੇ ਕਿਹਾ ਕਿ, “ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਹੈ, ਪਰ ਹਾਊਸ ਵਿੱਚ ਸਾਡੇ ਨਾਲ ਜਿਵੇ ਵਿਹਾਰ ਹੋਇਆ, ਉਹ ਚੰਗਾ ਨਹੀਂ ਸੀ। ਉੱਥੇ ਹੀ ਕਾਂਗਰਸੀ ਕੌਂਸਲਰ ਨੇ ਵੀ ਕਿਹਾ ਕਿ ਆਪ ਉੱਤੇ ਗ਼ਲਤ ਤਰੀਕੇ ਨਾਲ ਮੇਅਰ, ਡਿਪਟੀ ਮੇਅਰ ਅਤੇ ਮੇਅਰ ਸੀਨੀਅਰ ਡਿਪਟੀ ਮੇਅਰ ਚੁਣੇ ਗਏ ਹਨ, ਉਹ ਵੀ ਕੋਈ ਤਰੀਕਾ ਸਮਝ ਨਹੀਂ ਆਇਆ।”

ਇਸ ਮੌਕੇ ਕਾਂਗਰਸੀ ਕੌਂਸਲਰ ਵਿਕਾਸ ਸੋਨੀ ਨੇ ਕਿਹਾ ਕਿ, “ਅਸੀਂ ਪਹਿਲੇ ਦਿਨ ਤੋਂ ਹੀ ਦੁਹਾਈ ਦੇ ਰਹੇ ਹਾਂ ਕਿ ਅੰਦਰ ਕੋਈ ਇਲੈਕਸ਼ਨ ਹੋਈ ਹੀ ਨਹੀਂ, ਨਾ ਹੀ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਸਹੁੰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਸੀ ਹਾਊਸ ਅਤੇ ਹੋਟਲ ਜਿੱਥੇ ਸਹੁੰ ਚੁੱਕ ਸਮਾਗਮ ਹੋਇਆ, ਉਹ ਸਾਰੀਆਂ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਸਭ ਕੁਝ ਸਾਫ ਹੋ ਗਿਆ। ਉਨ੍ਹਾਂ ਕਿਹਾ ਕਿ , “ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਤਾਂ ਸਹੁੰ ਹੀ ਨਹੀਂ ਚੁੱਕੀ, ਜਦਕਿ ਬਾਕੀ ਪਾਰਟੀਆਂ ਦੇ ਕੌਂਸਲਰਾਂ ਵਲੋਂ ਸਹੁੰ ਚੁੱਕੀ ਗਈ ਹੈ। ਮਾਨਯੋਗ ਹਾਈਕੋਰਟ ਵਲੋਂ ਹੁਕਮ ਸੀ ਕਿ ਵੀਡੀਓਗ੍ਰਾਫੀ ਹੋਈ ਹੈ, ਜਿਸ ਦੀ ਆਮ ਆਦਮੀ ਪਾਰਟੀ ਨੇ ਉਲੰਘਣਾ ਕੀਤੀ ਹੈ। ਹੁਣ ਇਹ ਅਗਲੀ ਤਰੀਕ ਉੱਤੇ ਖੁਦ ਜਵਾਬਦੇਹ ਹੋਣਗੇ।”
ਵਿਕਾਸ ਸੋਨੀ ਨੇ ਦੱਸਿਆ ਕਿ, “ਕਾਂਗਰਸ ਦੇ 41, ਅਕਾਲੀ ਦਲ ਦੇ 4 ਅਤੇ ਭਾਜਪਾ ਦੇ 7 ਅਤੇ ਆਮ ਆਦਮੀ ਪਾਰਟੀ ਦੇ 24 ਕੌਂਸਲਰ ਹਨ, ਜੋ ਕਿ ਹਾਊਸ ਵਿੱਚ ਮੌਜੂਦ ਸੀ, ਜਿਸ ਚੋਂ ਇੱਕ ਅਕਾਲੀ ਦਲ ਕੌਂਸਲਰ ਦੀ ਗੈਰ ਹਾਜ਼ਰੀ ਲਾਈ ਸੀ, ਜਦਕਿ ਉਹ ਹਾਊਸ ਵਿੱਚ ਮੌਜੂਦ ਸੀ ਅਤੇ ਸਾਡੇ ਨਾਲ ਸਹੁੰ ਚੁੱਕ ਰਿਹਾ ਸੀ। ਇਹ ਇੱਕ ਪਾਸੜ ਸਮਾਗਮ ਰਿਹਾ ਹੈ, ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਕੌਂਸਲਰ-ਵਿਧਾਇਕ-ਮੰਤਰੀ ਬੈਠੇ ਸੀ ਅਤੇ ਦੂਜੇ ਪਾਸੇ ਭਾਜਪਾ-ਕਾਂਗਰਸ ਅਤੇ ਅਕਾਲੀ ਦਲ ਦੇ ਕੌਂਸਲਰ ਬੈਠੇ ਹਨ, ਜਿਸ ਦੀ ਵੀਡੀਓ ਵੀ ਹੁਣ ਸਾਹਮਣੇ ਆ ਗਈ ਹੈ ਅਤੇ ਗਿਣਤੀ ਵੀ ਹੋ ਸਕਦੀ ਹੈ।” ਉੱਥੇ ਹੀ, ਵਿਕਾਸ ਸੋਨੀ ਨੇ ਕਿਹਾ ਕਿ ਜਿਨ੍ਹਾਂ ਨੇ ਵੀ ਇਹ ਗ਼ਲਤ ਕੰਮ ਕੀਤੇ ਹਨ, ਚਾਹੇ ਉਹ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਹਨ, ਚਾਹੇ ਨਗਰ ਨਿਗਮ ਕਮਿਸ਼ਨਰ ਅੰਮ੍ਰਿਤਸਰ ਹਨ, ਉਨ੍ਹਾਂ ਦੇ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਨ੍ਹਾਂ ਵੱਲੋਂ ਵੀ ਲਾਅ ਐਂਡ ਆਰਡਰ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ।












