
ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਫਿਰੋਜ਼ਪੁਰ ਦੇ ਪਿੰਡ ਅਲੀਕੇ ਵਿੱਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਨੂੰ ਕਾਤਲਾਂ ਨੇ ਪਹਿਲਾਂ ਫੋਨ ਕਰਕੇ ਪਿੰਡ ਤੋਂ ਬਾਹਰ ਬੁਲਾਇਆ, ਜਿਸ ਤੋਂ ਬਾਅਦ ਉਸਤੇ ਗੋਲੀਆਂ ਚਲਾ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਕਤਲ ਦੀ ਪੂਰੀ ਕਹਾਣੀ ਜੇਲ੍ਹ ਵਿੱਚ ਰੱਚੀ ਗਈ ਸੀ। ਮ੍ਰਿਤਕ ਅਤੇ ਕਾਤਲਾਂ ਦਾ ਜੇਲ੍ਹ ਵਿੱਚੋਂ ਹੀ ਪਹਿਲਾਂ ਪੁਰਾਣੀ ਰੰਜਿਸ਼ ਚੱਲਦੀ ਸੀ। ਜੇਲ੍ਹ ਵਿਚਲੀ ਰੰਜਿਸ਼ ਦੇ ਚੱਲਦਿਆਂ ਹੀ ਇਸ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਗਿਆ ਹੈ।

ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਐਸਪੀ ਡੀ. ਮਨਜੀਤ ਸਿੰਘ ਨੇ ਦੱਸਿਆ ਕਿ ਕਿ ਨੌਜਵਾਨ ਪ੍ਰੇਮ ਨੂੰ ਘਰੋਂ ਬਾਹਰ ਫੋਨ ਕਰਕੇ ਬੁਲਾਇਆ ਗਿਆ। ਉਸ ਨੂੰ ਪਿੰਡ ਤੋਂ ਬਾਹਰ ਆਉਣ ਲਈ ਬੁਲਾਇਆ ਕਿ ਕੋਈ ਗੱਲ ਕਰਨੀ ਹੈ। ਜਿੱਥੇ ਪਹੁੰਚਣ ਤੋਂ ਬਾਅਦ ਗੋਲੀਆਂ ਮਾਰ ਕੇ ਇਸ ਦਾ ਕਤਲ ਕਰ ਦਿੱਤਾ। ਜਦੋਂ ਪ੍ਰੇਮ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਹਨਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਪਾਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਆਰੋਪੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।












