
ਰੋਪੜ (ਦ ਸਟੈਲਰ ਨਿਊਜ਼)। ਰੋਪੜ ਵਿੱਚ ਇੱਕ ਬਿਊਟੀ ਪਾਰਲਰ ਵਿੱਚ 2 ਮਹਿਲਾਵਾਂ ਵਿੱਚ ਮੇਕਅਪ ਨੂੰ ਲੈ ਕੇ ਝਗੜਾਂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਮਹਿਲਾ ਨੇ ਕਿਸੇ ਪ੍ਰੋਗਰਾਮ ਵਿੱਚ ਜਾਣ ਲਈ ਪਾਰਲਰ ਤੋਂ ਮੇਕਅਪ ਕਰਵਾਇਆ ਸੀ। ਇਸ ਦੌਰਾਨ ਮਹਿਲਾ ਆਪਣਾ ਮੋਬਾਇਲ ਪਾਰਲਰ ਵਿੱਚ ਹੀ ਭੁੱਲ ਗਈ ਜਿਸਦੀ ਸੂਚਨਾ ਪਾਰਲਰ ਮਾਲਕਣ ਨੇ ਮਹਿਲਾ ਨੂੰ ਦਿੱਤੀ ਤੇ ਮਹਿਲਾ ਦੇਰ ਸ਼ਾਮ ਨੂੰ ਜਦੋਂ ਆਪਣਾ ਮੋਬਾਇਲ ਵਾਪਸ ਲੈਣ ਲਈ ਪਾਰਲਰ ਤੇ ਪਹੁੰਚੀ ਤਾਂ ਉਸਨੇ ਪਾਰਲਰ ਮਾਲਕਣ ਨੂੰ ਕਿਹਾ ਕਿ ਉਹਨਾਂ ਨੇ ਉਸਦਾ ਮੇਕਅਪ ਸਹੀ ਨਹੀਂ ਕੀਤਾ। ਇਸ ਮਗਰੋਂ ਦੋਵੇਂ ਮਹਿਲਾਵਾਂ ਆਪਸ ਵਿੱਚ ਬਹਿਸਣ ਲੱਗ ਗਈਆਂ ਅਤੇ ਮੇਕਅਪ ਕਰਵਾਉਣ ਆਈ ਮਹਿਲਾ ਨੇ ਪਾਰਲਰ ਦੇ ਬਾਹਰ ਖੜੇ ਆਪਣੇ ਪਰਿਵਾਰ ਨੂੰ ਅੰਦਰ ਬੁਲਾ ਲਿਆ ਅਤੇ ਪਾਰਲਰ ਮਾਲਕਣ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।

ਨਜ਼ਦੀਕੀ ਦੁਕਾਨਦਾਰ ਨੇ ਛੁਡਵਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਝਗੜਾ ਕਾਫੀ ਸਮੇਂ ਤੱਕ ਚੱਲਦਾ ਰਿਹਾ। ਮਹਿਲਾ ਦੀ ਬੁਰੀ ਤਰਾਂ ਨਾਲ ਕੁੱਟਮਾਰ ਕਰਨ ਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਜ਼ਖਮੀ ਹਾਲਤ ਵਿੱਚ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਸਦਾ ਇਲਾਜ਼ ਚੱਲ ਰਿਹਾ ਹੈ। ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਵੇਂ ਮਹਿਲਾਵਾਂ ਸਮੇਤ 4 ਲੋਕਾਂ ਤੇ ਮਾਮਲਾ ਦਰਜ ਕਰ ਲਿਆ ਹੈ। ਪਾਰਲਰ ਮਾਲਕਣ ਦੇ ਹੱਕ ਵਿੱਚ ਨਿੱਤਰੀਆਂ ਸਮਾਜ ਸੇਵੀ ਮਹਿਲਾਵਾਂ ਨੇ ਕਿਹਾ ਕਿ ਜੇਕਰ ਕੁੱਟਮਾਰ ਕਰਨ ਵਾਲਿਆਂ ਖਿਲਾਫ ਕਾਰਵਾਈ ਵਿੱਚ ਕੋਈ ਵੀ ਢਿੱਲ ਮੱਠ ਦਿਖਾਈ ਦਿੱਤੀ ਤਾਂ ਉਹ ਚੁੱਪ ਨਹੀਂ ਰਹਿਣਗੀਆਂ।












