Sunday, November 1, 2026
Home Hoshiarpur ਮਨਰੇਗਾ ਵਰਕਰਜ਼ ਯੂਨੀਅਨ ਹੁਸ਼ਿਆਰਪੁਰ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ

ਮਨਰੇਗਾ ਵਰਕਰਜ਼ ਯੂਨੀਅਨ ਹੁਸ਼ਿਆਰਪੁਰ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਨਰੇਗਾ ਵਰਕਰਜ਼ ਯੂਨੀਅਨ ਜ਼ਿਲ੍ਹਾ ਹੁਸ਼ਿਆਰਪੁਰ ਦਾ ਵਫ਼ਦ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਮਿਲਿਆ। ਵਫ਼ਦ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਆਸਫ਼ਪੁਰ ਅਤੇ ਸੱਕਤਰ ਕਮਲਾ ਦੇਵੀ ਦਸੂਹਾ ਨੇ ਕੀਤੀ, ਇਸ ਮੌਕੇ ਸਟੇਟ ਕੋਆਰਡੀਨੇਟਰ ਦੀਪਕ ਹੁਸ਼ਿਆਰਪੁਰ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਯੂਨੀਅਨ ਦੇ ਸਟੇਟ ਕਮੇਟੀ ਆਗੂ ਬਲਵਿੰਦਰ ਕੌਰ ਅਤੇ ਸੋਹਣ ਲਾਲ ਤਲਵਾਡ਼ਾ ਨੇ ਮਨਰੇਗਾ ਵਰਕਰਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਤਫ਼ਸੀਲ ਨਾਲ ਜਾਣੂ ਕਰਵਾਇਆ। ਵਫ਼ਦ ਨੇ ਪੰਚਾਇਤੀ ਚੋਣਾਂ ਉਪਰੰਤ ਸਿਆਸੀ ਰੰਜਿਸ਼ ਤਹਿਤ ਪਿੰਡਾਂ ’ਚ ਮੇਟਾਂ ਕੰਮ ਤੋਂ ਨਾ ਹਟਾਉਣ ਦੀ ਮੰਗ ਕੀਤੀ। ਉਨ੍ਹਾਂ ਪ੍ਰਸ਼ਾਸਨ ਵੱਲੋਂ ਹਰ ਵਰਕ ਕੋਡ ’ਤੇ ਵੱਖਰਾ ਮੇਟ ਤਾਈਨਾਤ ਕਰਨ ਦੇ ਫੈਸਲੇ ਨੂੰ ਵਾਪਸ ਲੈਣ, ਮਨਰੇਗਾ ਵਰਕਰਾਂ ਨੂੰ ਸਾਲ ‘ਚ 100 ਦਿਨ ਦਾ ਕੰਮ ਯਕੀਨੀ ਮੁਹੱਇਆ ਕਰਵਾਉਣ, ਕੱਚੇ ਮਕਾਨਾਂ ਦੇ ਚੱਲ ਰਹੇ ਸਰਵੇ ਦਾ ਮੇਟਾਂ ਨੂੰ ਮਾਣ ਭੱਤਾ ਦੇਣ, ਗ੍ਰਾਮ ਰੁਜ਼ਗਾਰ ਸਹਾਇਕ ਦੀ ਭਰਤੀ ’ਚ ਮੇਟਾਂ ਨੂੰ ਪਹਿਲ ਦੇਣ, ਪਿੰਡਾਂ ਦੇ ਸਮੂਹ ਵਿਕਾਸ ਕਾਰਜ ਮਨਰੇਗਾ ਅਧੀਨ ਕਰਵਾਉਣ, ਸੱਟ ਚੋਣ ਆਦਿ ਲੱਗਣ ‘ਤੇ ਵਰਕਰਾਂ ਦੇ ਇਲਾਜ ਦਾ ਪ੍ਰਬੰਧ ਅਤੇ ਮੁਫ਼ਤ ਬੀਮਾ ਕਰਨ, ਆਨਲਾਈਨ ਹਾਜ਼ਰੀ ਦੇ ਨਾਲ ਨਾਲ ਆਫ਼ਲਾਈਨ ਹਾਜ਼ਰੀ ਦੀ ਸੁਵਿਧਾ ਬਹਾਲ ਕਰਨ, ਮਨਰੇਗਾ ਮੇਟਾਂ ਨੂੰ ਸੈਮੀ ਸਕਿੱਲਡ ਉਜਰਤ ਦੇਣ ਅਤੇ ਇਨ੍ਹਾਂ ਦਾ ਪਹਿਚਾਣ ਪੱਤਰ ਬਣਾਉਣ ਆਦਿ ਸਮੇਤ 13 ਨੁਕਾਤੀ ਮੰਗਾਂ ’ਤੇ ਵਿਸਥਾਰ ਪੂਰਵਕ ਚਰਚਾ ਕੀਤੀ।

Advertisements

ਵਫ਼ਦ ਨੇ ਕੰਮ ਤੋਂ ਹਟਾਏ ਮੇਟਾਂ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ। ਵਫ਼ਦ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੋਂ ਮਨਰੇਗਾ ਵਰਕਰਾਂ ਦੀ ਮੰਗਾਂ ’ਤੇ ਵਿਚਾਰ ਵਟਾਂਦਰਾ ਕਰਨ ਲਈ ਇੱਕ ਪੈਨਲ ਮੀਟਿੰਗ ਬੁਲਾਉਣ ਦੀ ਮੰਗ ਕੀਤੀ, ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ ਸਮੇਤ ਸਮੂਹ ਬੀਡੀਪੀਓ ਸਾਹਿਬਾਨ ਅਤੇ ਮਨਰੇਗਾ ਨਾਲ ਸਬੰਧਤ ਜ਼ਿਲ੍ਹਾ ਅਧਿਕਾਰੀ ਸ਼ਾਮਲ ਹੋਣ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਵਫ਼ਦ ਮੈਂਬਰਾਂ ਨੂੰ ਹੋਲਾ ਮੁੱਹਲੇ ਤੋਂ ਬਾਅਦ ਜ਼ਲਦ ਹੀ ਇੱਕ ਮੀਟਿੰਗ ਦਾ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਬਲਾਕ ਗਡ਼ਸ਼ੰਕਰ ਤੋਂ ਮਨਰੇਗਾ ਵਰਕਰਜ਼ ਯੂਨੀਅਨ ਦੇ ਸੰਯੋਜਕ ਸਾਥੀ ਬਲਵੰਤ ਰਾਮ, ਮੇਟ ਅਨਿਤਾ ਨੰਗਲ ਬਿਹਾਲਾਂ, ਮੇਟ ਵਿਜੈ ਕੁਮਾਰ ਸੀਪਰੀਆਂ, ਜ਼ਿਲ੍ਹਾ ਕਮੇਟੀ ਮੈਂਬਰ ਵਰਿੰਦਰ ਕੌਰ ਭੂੰਗਾ, ਮੇਟ ਭੁਪਿੰਦਰ ਸਿੰਘ ਗਡ਼ਸ਼ੰਕਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here