
ਗਿੱਦੜਬਾਹਾ (ਦ ਸਟੈਲਰ ਨਿਊਜ਼)। ਗਿੱਦੜਬਾਹਾ ਵਿੱਚ ਨਸ਼ਿਆ ਖਿਲਾਫ਼ ਰੇਡ ਕਰਨ ਗਈ ਪੁਲਿਸ ਤੇ ਲੋਕਾਂ ਨੇ ਹਮਲਾ ਕਰ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ ਪੁਲਿਸ ਜਦੋਂ ਇਲਾਕੇ ਦੀਆਂ ਝੁੱਗੀਆਂ ਵਿੱਚ ਪਹੁੰਚੀ ਤਾਂ ਚਾਰ ਲੋਕਾਂ ਨੇ ਇਕੱਠੇ ਹੋ ਕੇ ਇੱਟਾਂ-ਰੋੜਿਆਂ ਅਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਏਐਸਆਈ ਸਮੇਤ 2 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਹਮਲਾ ਕਰਨ ਵਾਲਿਆਂ ‘ਚ 2 ਔਰਤਾਂ ਵੀ ਸ਼ਾਮਿਲ ਹਨ, ਜੋ ਹਮਲੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਹਨ। ਇਹ ਘਟਨਾ ਕੱਲ੍ਹ ਸ਼ਾਮ ਨੂੰ ਗਿੱਦੜਬਾਹਾ ਦੇ ਭਾਰੂ ਰੋਡ ਨੇੜੇ ਵਾਪਰੀ ਹੈ, ਜਿੱਥੇ ਨਸ਼ੇ ਸਬੰਧੀ ਮਿਲੀ ਇਕ ਗੁਪਤ ਸੂਚਨਾ ਤੋਂ ਬਾਅਦ ਪੁਲਿਸ ਨੇ ਝੁੱਗੀਆਂ-ਝੋਪੜੀਆਂ ਵਾਲੇ ਇਲਾਕੇ ‘ਚ ਰੇਡ ਕਰਨ ਦੀ ਕਾਰਵਾਈ ਕੀਤੀ।

ਜ਼ਖਮੀਆਂ ਨੂੰ ਤੁਰੰਤ ਗਿੱਦੜਬਾਹਾ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਹਮਲਾ ਕਰਨ ਵਾਲਿਆਂ ਵਿੱਚ ਦੋ ਔਰਤਾਂ ਅਤੇ ਦੋ ਵਿਅਕਤੀ ਸ਼ਾਮਿਲ ਹਨ, ਜਿਨ੍ਹਾਂ ਨੇ ਪੁਲਿਸ ‘ਤੇ ਹਿੰਸਕ ਹਮਲਾ ਕਰਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪੁਲਿਸ ਨੇ ਮੌਕੇ ‘ਤੇ ਹਾਲਾਤ ਸੰਭਾਲੇ ਪਰ ਹਮਲਾਵਰ ਫਰਾਰ ਹੋਣ ਵਿੱਚ ਕਾਮਯਾਬ ਰਹੇ। ਇਸ ਵਾਰਦਾਤ ਤੋਂ ਬਾਅਦ ਜ਼ਖਮੀ ਏਐਸਆਈ ਰਾਜ ਬਹਾਦਰ ਦੇ ਬਿਆਨਾਂ ਦੇ ਆਧਾਰ ‘ਤੇ ਇੱਕ ਗੰਭੀਰ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਉਨ੍ਹਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ।












