
ਚੰਡੀਗੜ੍ਹ (ਦ ਸਟੈਲਰ ਨਿਊਜ਼)। ਸੁਪਰੀਮ ਕੋਰਟ ਨੇ ਤਲਾਕ ਦੀ ਪ੍ਰਕਿਰਿਆ ਵਿੱਚੋਂ ਲੰਘ ਰਹੇ ਜੋੜੇ ਨੂੰ ਅਜਿਹੀ ਸਲਾਹ ਦਿੱਤੀ ਜਿਸ ਨਾਲ ਸੁਪਰੀਮ ਕੋਰਟ ਦੇ ਜੱਜਾਂ ਨੇ ਸਭ ਦਾ ਦਿਲ ਜਿੱਤ ਲਿਆ। ਤਲਾਕ ਲੈਣ ਜਾ ਰਹੇ ਜੋੜੇ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਕੋਰਟ ਰੂਮ ਤੋਂ ਬਾਹਰ ਸ਼ਾਂਤ ਮਾਹੌਲ ਵਿੱਚ ਆਪਣੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕਰਨ। ਸੁਪਰੀਮ ਕੋਰਟ ਨੇ ਉਹਨਾਂ ਨੂੰ ਕਿਹਾ ਕਿ ਉਹ ਕੌਫ਼ੀ ਸ਼ੌਫ਼ੀ ਪੀਣ, ਇੰਤਜ਼ਾਮ ਅਸੀ ਕਰਕੇ ਦਿੰਦੇ ਹਾਂ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਇੱਕ ਦੂਜੇ ਨਾਲ ਡਿਨਰ ਡੇਟ ਤੇ ਜਾਣ ਕਿਉਂਕਿ ਉਨ੍ਹਾਂ ਵਿਚਾਲੇ ਚੱਲ ਰਹੇ ਤਣਾਅ ਤੇ ਲੜਾਈ ਝਗੜਿਆਂ ਦਾ ਅਸਰ ਉਨ੍ਹਾਂ ਦੇ 3 ਸਾਲ ਦੇ ਬੱਚੇ ਤੇ ਵੀ ਪਵੇਗਾ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਤੀ ਪਤਨੀ ਤਲਾਕ ਲੈਣ ਜਾ ਰਹੇ ਸਨ ਜਿਸ ਦਰਮਿਆਨ ਫ਼ੈਸ਼ਨ ਡਿਜ਼ਾਇਨਰ ਪਤਨੀ ਨੇ ਵਿਦੇਸ਼ ਜਾਣਾ ਸੀ ਤੇ ਉਸ ਨਾਲ 3 ਸਾਲਾ ਲੜਕੇ ਨੂੰ ਲਿਜਾਣ ਦੀ ਇਜਾਜ਼ਤ ਮੰਗੀ ਸੀ ਕਿਉਂਕਿ ਦੋਵੇਂ ਪਤੀ ਪਤਨੀ ਵਿਚਾਲੇ ਬੱਚੇ ਲਈ ਵੀ ਲੜਾਈ ਚੱਲ ਰਹੀ ਸੀ।

ਜੱਜਾਂ ਨੇ ਜੋੜੇ ਨੂੰ ਕਿਹਾ ਸੀ ਕਿ ਉਹਨਾਂ ਦਾ 3 ਸਾਲ ਦਾ ਬੱਚਾ ਹੈ। ਉਹਨਾਂ ਵਿਚਾਲੇ ਲੜਾਈ ਸਿਰਫ਼ ਹੰਕਾਰ ਦੀ ਹੈ। ਉਹ ਆਪਣੇ ਮਸਲੇ ਨੂੰ ਇਕ ਦੂਜੇ ਨਾਲ ਗੱਲਬਾਤ ਕਰਕੇ ਹੱਲ ਕਰਨ ਦੀ ਕੋਸ਼ਿਸ਼ ਕਰਨ। ਇੱਕ ਦੂਜੇ ਨਾਲ ਡਿਨਰ ਡੇਟ ਤੇ ਜਾਉ। ਅੱਜ ਦੇ ਇਸ ਮਾਡਰਨ ਯੁੱਗ ਵਿੱਚ ਰਿਸ਼ਤਿਆਂ ਦੀ ਉਮਰ ਥੋੜ੍ਹੀ ਰਹਿ ਗਈ ਹੈ। ਵਿਆਹੇ ਜੋੜੇ ਥੋੜ੍ਹੇ ਜਿਹੇ ਮਤਭੇਦਾਂ ਕਰਕੇ ਇਕ ਦੂਜੇ ਤੋਂ ਵੱਖ ਹੋ ਜਾਂਦੇ ਹਨ। ਇਕ ਦੂਜੇ ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਖ਼ਤਮ ਹੋ ਰਹੀ ਹੈ, ਇਕ ਦੂਜੇ ਨੂੰ ਮੁਆਫ਼ ਕਰਨ ਦੀ ਭਾਵਨਾ ਘਟ ਗਈ ਹੈ।











