
ਹਿਮਾਚਲ (ਦ ਸਟੈਲਰ ਨਿਊਜ਼)। ਭਾਰਤ ਵਿੱਚ ਪਾਕਿਸਤਾਨ ਲਈ ਕੰਮ ਕਰਨ ਵਾਲੇ ਜਾਸੂਸਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਜਿਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਆਦਿ ਸਮੇਤ ਕਈ ਸੂਬਿਆਂ ਤੋਂ ਭਾਰਤ ਦੀ ਖ਼ੁਫ਼ੀਆ ਏਜੰਸੀ ਵੱਲੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ ਕੀਤੇ ਹਨ। ਅਜਿਹੇ ਸੂਬਿਆਂ ਵਿੱਚ ਹੁਣ ਹਿਮਾਚਲ ਪ੍ਰਦੇਸ਼ ਦਾ ਨਾਂਅ ਵੀ ਜੁੜ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਇੱਕ ਨੌਜਵਾਨ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਨੌਜਵਾਨ ਤੇ ਪਾਕਿਸਤਾਨ ਵਿੱਚ ਬੈਠੇ ਏਜੰਟਾਂ ਨੂੰ ਭਾਰਤ ਦੀ ਸੰਵੇਦਨਸ਼ੀਲ ਜਾਣਕਾਰੀ ਭੇਜਣ ਦਾ ਆਰੋਪ ਹੈ। ਕਾਂਗੜਾ ਦੇ ਐਸਪੀ ਮਯੰਕ ਚੌਧਰੀ ਨੇ ਕਿਹਾ ਹੈ ਕਿ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸਦੇ ਮੋਬਾਈਲ ਤੋਂ ਕਈ ਸੰਵੇਦਨਸ਼ੀਲ ਦਸਤਾਵੇਜ਼ ਤੇ ਫ਼ੋਟੋਆਂ ਬਰਾਮਦ ਕੀਤੀਆਂ ਗਈਆਂ ਹਨ। ਇਹ ਡੇਟਾ ਜਾਂਚ ਲਈ ਫੋਰੈਂਸਿਕ ਲੈਬ ਵਿੱਚ ਭੇਜਿਆ ਗਿਆ ਹੈ। ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਆਰੋਪੀ ਦੀ ਪਹਿਚਾਣ ਅਭਿਸ਼ੇਕ ਭਾਰਦਵਾਜ ਉਮਰ 20 ਸਾਲਾਂ ਵਾਸੀ ਦੇਹਰਾ ਦੇ ਪਿੰਡ ਸੁਖਹਾਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਅਭਿਸ਼ੇਕ ਆਨਲਾਈਨ ਮਾਧਿਅਮਾਂ ਰਾਹੀਂ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਿਆ। ਫੇਸਬੁੱਕ ਤੇ ਉਸਦੇ 3092 ਦੋਸਤ ਹਨ, ਜਿਨ੍ਹਾਂ ਵਿਚੋਂ ਵੱਡੀ ਗਿਣਤੀ ਵਿੱਚ ਪਾਕਿਸਤਾਨੀਆਂ ਦੀ ਹੈ।

ਕਾਂਗੜਾ ਦੇ ਐਸਪੀ ਅਨੁਸਾਰ, ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਪੁਲਿਸ ਸਾਰੀਆਂ ਆਨਲਾਈਨ ਅਤੇ ਆਫ਼ਲਾਈਨ ਗਤੀਵਿਧੀਆਂ ਤੇ ਨਜ਼ਰ ਰੱਖ ਰਹੀ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਡੇਹਰਾ ਦਾ ਇਕ ਨੌਜਵਾਨ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੈ। ਉਹ ਭਾਰਤ ਦੀ ਸੁਰੱਖਿਆ ਨਾਲ ਸਬੰਧਤ ਜਾਣਕਾਰੀ ਪਾਕਿਸਤਾਨ ਭੇਜ ਰਿਹਾ ਹੈ। ਇਸ ਜਾਣਕਾਰੀ ਤੇ ਉਸ ਨੌਜਵਾਨ ਦੀ ਨਿਗਰਾਨੀ ਸ਼ੁਰੂ ਕੀਤੀ ਗਈ ਸੀ। ਜਦੋਂ ਉਸਦੀ ਸੋਸ਼ਲ ਮੀਡੀਆ ਅਤੇ ਆਨਲਾਈਨ ਗਤੀਵਿਧੀ ਦੀ ਤਲਾਸ਼ੀ ਕੀਤੀ ਗਈ ਤਾਂ ਨੌਜਵਾਨ ਦੀਆਂ ਗਤੀਵਿਧੀਆਂ ਸ਼ੱਕੀ ਲੱਗੀਆਂ। ਇਸ ਤੋਂ ਬਾਅਦ, ਉਸਨੂੰ ਤੜਕੇ ਉਸਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਫਿਲਹਾਲ ਪੁਲਿਸ ਵੱਲੋਂ ਆਰੋਪੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ, ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸਨੇ ਕਿਸ ਦੇਸ਼ ਬਾਰੇ ਕਿਹੜੀ ਜਾਣਕਾਰੀ ਕਿਸਨੂੰ ਭੇਜੀ ਹੈ। ਡੇਹਰਾ ਦੇ ਡੀਐਸਪੀ ਰਾਜ ਕੁਮਾਰ ਨੇ ਕਿਹਾ ਹੈ ਕਿ ਆਰੋਪੀ ਨੇ ਸ਼ੱਕੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਗੱਲ ਕਬੂਲ ਕੀਤੀ ਹੈ। ਉਸਦਾ ਕਹਿਣਾ ਹੈ ਕਿ ਉਸਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ। ਅੱਜ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਵੇਗਾ। ਉਸ ਤੋਂ ਬਾਅਦ ਹੋਰ ਜਾਣਕਾਰੀ ਮਿਲੇਗੀ।












