
ਬਠਿੰਡਾ (ਦ ਸਟੈਲਰ ਨਿਊਜ਼)। ਬਠਿੰਡਾ ਦੇ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਕੰਪਿਊਟਰ ਆਪਰੇਟਰ ਤੇ ਇੱਕ ਨਿਹੰਗ ਸਿੰਘ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ਘਟਨਾ ਵਿੱਚ ਕੰਪਿਊਟਰ ਆਪਰੇਟਰ ਗੁਰਸੇਵਕ ਸਿੰਘ ਦੇ ਹੱਥ ‘ਤੇ ਸੱਟ ਲੱਗੀ ਹੈ। ਸਿਵਲ ਹਸਪਤਾਲ ਵਿੱਚ ਦਾਖਲ ਨੌਜਵਾਨ ਗੁਰਸੇਵਕ ਸਿੰਘ ਹਸਪਤਾਲ ਵਿੱਚ ਕੰਪਿਊਟਰ ਆਪਰੇਟਰ ਦੀ ਡਿਊਟੀ ਕਰਦਾ ਹੈ। ਜਿਸ ‘ਤੇ ਨਸ਼ੇ ਦੀ ਦਵਾਈ ਲੈਣ ਲਈ ਹਸਪਤਾਲ ਵਿੱਚ ਆਏ ਇੱਕ ਨਸ਼ੇੜੀ ਨੇ ਆਪਣੀ ਕਿਰਪਾਨ ਨਾਲ ਹਮਲਾ ਕਰ ਦਿੱਤਾ। ਪੀੜਤ ਨੇ ਦੱਸਿਆ ਕਿ ਜਦੋਂ ਨਹਿੰਗ ਬਾਣੇ ਵਿੱਚ ਆਇਆ ਇਹ ਵਿਅਕਤੀ ਪਹਿਲਾਂ ਇੱਕ ਡਾਕਟਰ ਤੋਂ ਦਵਾਈ ਲਿਆਇਆ ਪਰ ਦੂਜੇ ਡਾਕਟਰ ਤੋਂ ਜਦੋਂ ਉਹ ਦਵਾਈ ਲੈਣ ਗਿਆ ਤਾਂ ਨਵੀਂ ਪਰਚੀ ਬਣਾਉਣ ਲਈ ਉਸਨੂੰ ਕਿਹਾ ਗਿਆ। ਜਦੋਂ ਕੰਪਿਊਟਰ ਆਪਰੇਟਰ ਨੇ ਉਸ ਤੋਂ 10 ਰੁਪਏ ਦੀ ਪਰਚੀ ਦੇ ਪੈਸੇ ਮੰਗੇ ਤਾਂ ਉਹ ਗੁੱਸੇ ਵਿੱਚ ਆ ਗਿਆ। ਉਸਨੇ ਗਾਲ੍ਹਾਂ ਕੱਢੀਆਂ ਅਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ।

ਹਮਲੇ ਤੋਂ ਬਾਅਦ ਆਰੋਪੀ ਮੌਕੇ ਤੋਂ ਫਰਾਰ ਹੋ ਗਿਆ। ਓਧਰ ਦੂਜੇ ਪਾਸੇ ਇਸ ਘਟਨਾ ਦੇ ਵਿਰੋਧ ਵਿੱਚ ਹਸਪਤਾਲ ਦੇ ਡਾਕਟਰਾਂ ਨੇ ਓਪੀਡੀ ਸੇਵਾਵਾਂ ਬੰਦ ਕਰ ਦਿੱਤੀਆਂ। ਡਾ. ਜਗਰੂਪ ਸਿੰਘ ਅਤੇ ਡਾ. ਰਵੀਕਾਂਤ ਸੀਨੀਅਰ ਮੈਡੀਕਲ ਅਫਸਰ ਨੇ ਸੁਰੱਖਿਆ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਕੋਈ ਸੁਰੱਖਿਆ ਪ੍ਰਬੰਧ ਨਹੀਂ ਹੈ। ਉਹਨਾਂ ਕਿਹਾ ਕਿ ਸਿਵਿਲ ਹਸਪਤਾਲ ਵਿੱਚ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ, ਸੀਨੀਅਰ ਮੈਡੀਕਲ ਅਫਸਰ ਨੇ ਆਰੋਪੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।












