
ਨਾਭਾ (ਦ ਸਟੈਲਰ ਨਿਊਜ਼)। ਨਾਭਾ ਵਿੱਚ ਪੁਲਿਸ ਅਤੇ ਕਿਸਾਨਾਂ ਵਿਚਕਾਰ ਝੜਪ ਹੋਣ ਦੀ ਸੂਚਨਾ ਮਿਲੀ ਹੈ। ਕਿਸਾਨਾਂ ਨੇ ਡੀਐਸਪੀ ਮਨਦੀਪ ਕੌਰ ਦੇ ਦਫ਼ਤਰ ਦਾ ਘਿਰਾਓ ਕਰਨ ਦਾ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਹਲਕਾ ਲਾਠੀਚਾਰਜ ਕੀਤਾ। ਇਸ ਧੱਕਾ-ਮੁੱਕੀ ਦੌਰਾਨ ਕਈ ਕਿਸਾਨਾਂ ਦੇ ਜ਼ਖ਼ਮੀ ਹੋਣ ਅਤੇ ਉਹਨਾਂ ਦੀਆਂ ਪੱਗਾਂ ਲੱਥਣ ਦੀ ਖਬਰ ਹੈ।

ਇਸ ਦੌਰਾਨ ਜਦੋਂ ਡੀਐਸਪੀ ਮਨਦੀਪ ਕੌਰ ਨੇ ਆਪਣੇ ਦਫ਼ਤਰ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਉਹਨਾਂ ਨੂੰ ਘੇਰ ਲਿਆ। ਜਿਸ ਤੋਂ ਬਾਅਦ ਮਾਮਲਾ ਹੋਰ ਵੱਧ ਗਿਆ। ਡੀਐਸਪੀ ਮਨਦੀਪ ਕੌਰ ਨੇ ਆਰੋਪ ਲਗਾਇਆ ਕਿ ਕਿਸਾਨਾਂ ਨੇ ਉਨ੍ਹਾਂ ਦੀ ਗੱਡੀ ਰੋਕ ਲਈ, ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ, ਵਰਦੀ ਨੂੰ ਹੱਥ ਲਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਨੂੰ ਧਰਨਾ ਕਰਨ ਤੋਂ ਨਹੀਂ ਰੋਕ ਰਹੇ ਸਨ, ਸਗੋਂ ਸਿਰਫ਼ ਗੱਲਬਾਤ ਕਰਨ ਆਏ ਸਨ, ਪਰ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਡੀਐਸਪੀ ਨੇ ਸਖ਼ਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਹੈ।
ਦੂਜੇ ਪਾਸੇ ਕਿਸਾਨ ਆਗੂਆਂ ਨੇ ਡੀਐਸਪੀ ਦੇ ਦੋਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸ਼ਾਂਤੀਪੂਰਵਕ ਧਰਨਾ ਦੇ ਰਹੇ ਸਨ ਅਤੇ ਇਨਸਾਫ ਦੀ ਮੰਗ ਕਰ ਰਹੇ ਸਨ। ਕਿਸਾਨਾਂ ਅਨੁਸਾਰ, ਡੀਐਸਪੀ ਵੱਲੋਂ ਹੀ ਬਦਤਮੀਜ਼ੀ ਕੀਤੀ ਗਈ ਅਤੇ ਉਨ੍ਹਾਂ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਕਰਕੇ ਸਥਿਤੀ ਤਣਾਅਭਰੀ ਬਣ ਗਈ ਅਤੇ ਕਿਸਾਨਾਂ ਨੇ ਸਪੱਸ਼ਟ ਕੀਤਾ ਕਿ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹ ਰੋਸ ਜਾਰੀ ਰੱਖਣਗੇ।











