Tuesday, October 20, 2026
Home Punjab ਫਰੀਦਾਬਾਦ ਤੋਂ 2900 ਕਿਲੋਗ੍ਰਾਮ ਸ਼ੱਕੀ ਅਮੋਨੀਅਮ ਨਾਈਟ੍ਰੇਟ ਦੀ ਜ਼ਬਤੀ ਗੰਭੀਰ ਚਿੰਤਾ ਦਾ...

ਫਰੀਦਾਬਾਦ ਤੋਂ 2900 ਕਿਲੋਗ੍ਰਾਮ ਸ਼ੱਕੀ ਅਮੋਨੀਅਮ ਨਾਈਟ੍ਰੇਟ ਦੀ ਜ਼ਬਤੀ ਗੰਭੀਰ ਚਿੰਤਾ ਦਾ ਵਿਸ਼ਾ: ਕਾਲੀਆ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਫਰੀਦਾਬਾਦ ਵਿੱਚ ਸ਼ਨੀਵਾਰ ਨੂੰ  2,900 ਕਿਲੋਗ੍ਰਾਮ ਸ਼ੱਕੀ ਅਮੋਨੀਅਮ ਨਾਈਟ੍ਰੇਟ ਜ਼ਬਤ ਹੋਣ ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ, ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੂਬਾਈ ਬੁਲਾਰੇ ਓਮਕਾਰ ਕਾਲੀਆ ਨੇ ਇਸਨੂੰ ਇੱਕ ਵੱਡੀ ਸੁਰੱਖਿਆ ਗਲਤੀ ਦੱਸਿਆ ਅਤੇ ਸੱਤਾਧਾਰੀ ਭਾਜਪਾ ਤੇ ਰਾਸ਼ਟਰੀ ਸੁਰੱਖਿਆ ਪ੍ਰਤੀ ਢਿੱਲਾ ਰਵੱਈਆ ਅਪਣਾਉਣ ਦਾ ਦੋਸ਼ ਲਗਾਇਆ। ਕਾਲੀਆ ਨੇ ਕਿਹਾ ਕਿ ਪਾਕਿਸਤਾਨ ਭਾਰਤ ਦਾ ਦੁਸ਼ਮਣ ਹੈ ਅਤੇ ਦਿਖਾਈ ਦੇ ਰਿਹਾ ਹੈ, ਪਰ ਦੇਸ਼ ਦੇ ਅੰਦਰ ਲੁਕੇ ਹੋਏ ਗੱਦਾਰ ਵੀ ਦੇਸ਼ ਨਾਲ ਵਿਸ਼ਵਾਸਘਾਤ ਕਰ ਰਹੇ ਹਨ ਅਤੇ ਪਾਕਿਸਤਾਨ ਨੂੰ ਉਤਸ਼ਾਹਿਤ ਕਰ ਰਹੇ ਹਨ।

Advertisements

ਅਜਿਹੇ ਗੱਦਾਰਾਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਸਹੀ ਸਮਾਂ ਹੈ ਕਿ ਅਜਿਹੇ ਦੇਸ਼ ਵਿਰੋਧੀਆਂ ਅਤੇ ਅੱਤਵਾਦੀਆਂ ਨੂੰ ਕੁਚਲਿਆ ਜਾਵੇ। ਕੇਂਦਰ ਅਤੇ ਰਾਜ ਸਰਕਾਰਾਂ, ਮੀਡੀਆ ਅਤੇ ਜਨਤਾ ਨੂੰ ਮਿਲ ਕੇ ਅਜਿਹੇ ਤੱਤਾਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ। ਪੁਲਿਸ ਨੂੰ ਆਧੁਨਿਕ ਉਪਕਰਣਾਂ ਨਾਲ ਲੈਸ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਸਬੰਧ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਦੇਸ਼ ਵਿਰੋਧੀ ਤੱਤਾਂ ਤੇ ਨਿਗਰਾਨੀ ਤੇਜ਼ ਕੀਤੀ ਜਾਵੇ ਤਾਂ ਜੋ ਦੇਸ਼ ਵਿੱਚ ਲੁਕੀਆਂ ਇਨ੍ਹਾਂ ਕਾਲੀਆਂ ਭੇਡਾਂ ਅਤੇ ਦੇਸ਼ ਨੂੰ ਦੀਮਕ ਵਾਂਗ ਮਿਟਾਉਣ ਵਾਲੇ ਦੁਸ਼ਮਣਾਂ ਨੂੰ ਤਬਾਹ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਜੋ ਲੋਕ ਭਾਰਤੀ ਧਰਤੀ ਤੇ ਜੰਮੇ ਪਲੇ ਵੱਡੇ ਹੋਏ ਉਹ ਲੋਕ ਪੈਸੇ ਅਤੇ ਹੋਰ ਸਹੂਲਤਾਂ ਦੀ ਖ਼ਾਤਰ ਦੇਸ਼ ਨਾਲ ਧੋਖਾ ਕਰਦੇ ਹਨ, ਅਜਿਹੇ ਲੋਕਾਂ ਨੂੰ  ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ। ਕਾਲੀਆ ਨੇ ਕਿਹਾ ਕਿ ਇਹ ਜਨਤਾ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ। ਫਰੀਦਾਬਾਦ ਅਸਲ ਵਿੱਚ ਐਨਸੀਆਰ ਦਾ ਇੱਕ ਹਿੱਸਾ ਹੈ, ਜੋ ਰਾਸ਼ਟਰੀ ਰਾਜਧਾਨੀ ਤੋਂ ਕੁਝ ਕਿਲੋਮੀਟਰ ਦੂਰ ਹੈ। ਦਿੱਲੀ ਤੋਂ ਜੰਮੂ-ਕਸ਼ਮੀਰ ਅਤੇ ਸਾਡੀਆਂ ਸਰਹੱਦਾਂ ਤੇ ਬਹੁਤ ਸਾਰੇ ਸੁਰੱਖਿਆ ਬਲ ਤਾਇਨਾਤ ਹਨ। ਇੰਨੀ ਵੱਡੀ ਸੁਰੱਖਿਆ ਕੁਤਾਹੀ ਲਈ ਕੌਣ ਜ਼ਿੰਮੇਵਾਰ ਹੈ? ਜੇਕਰ ਇਸਦਾ ਪਤਾ ਨਾ ਲਗਾਇਆ ਜਾਂਦਾ, ਤਾਂ ਇਹ ਕਿੰਨਾ ਭਿਆਨਕ ਹੋ ਸਕਦਾ ਸੀ। ਉਨ੍ਹਾਂ ਕਿਹਾ, ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਸੁਰੱਖਿਆ ਪ੍ਰਤੀ ਭਾਜਪਾ ਦਾ ਢਿੱਲਾ ਰਵੱਈਆ ਪਹਿਲਗਾਮ ਵਰਗੇ ਅੱਤਵਾਦੀ ਹਮਲਿਆਂ ਦਾ ਕਾਰਨ ਹੈ। ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਅਤੇ ਸਰਕਾਰ ਨੂੰ ਇਸ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।


LEAVE A REPLY

Please enter your comment!
Please enter your name here