
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਪੈਂਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ:) ਜ਼ਿਲਾ ਹੁਸ਼ਿਆਰਪੁਰ ਕਾਰਜਕਾਰਨੀ ਦੀ ਇੱਕ ਮੀਟਿੰਗ “17 ਦਸੰਬਰ ਨੂੰ ਮਨਾਏ ਜਾ ਰਹੇ ਪੈਨਸ਼ਨਰਜ਼ ਦਿਵਸ” ਦੀ ਤਿਆਰੀ ਲਈ ਜਿਲ੍ਹਾ ਪ੍ਰਧਾਨ ਕੁਲਵਰਨ ਸਿੰਘ ਦੀ ਪ੍ਰਧਾਨਗੀ ਹੇਠ ਹੁਸ਼ਿਆਰਪੁਰ ਵਿਖੇ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰ ਸਾਥੀ ਹਾਜਰ ਹੋਏ। ਮੀਟਿੰਗ ਦੀ ਸ਼ੁਰੂਆਤ ਕਰਦਿਆ ਜਿਲ੍ਹਾ ਪ੍ਰਧਾਨ ਕੁਲਵਰਨ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਪੰਜਾਬ ਪੈਂਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ:) ਜ਼ਿਲਾ ਹੁਸ਼ਿਆਰਪੁਰ ਵਲੋਂ ਹਰ ਸਾਲ 17 ਦਸੰਬਰ ਨੂੰ “ਪੈਨਸ਼ਨਰਜ਼ ਦਿਵਸ” ਮਨਾਇਆ ਜਾਂਦਾ ਹੈ। ਇਸ ਸਾਲ ਵੀ ਜੱਥੇਬੰਦੀ ਵਲੋਂ 17 ਦਸੰਬਰ 2025 ਦਿਨ ਬੁੱਧਵਾਰ ਨੂੰ “ਪੈਨਸ਼ਨਰਜ਼ ਦਿਵਸ” ਮਨਾਇਆ ਜਾ ਰਿਹਾ ਹੈ। ਉਨ੍ਹਾਂ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਵੱਖ ਵੱਖ ਕੰਮਾਂ ਲਈ ਵੱਖ ਵੱਖ ਟੀਮਾਂ ਬਣਾ ਕੇ ਸਾਥੀਆਂ ਦੀ ਸਹਿਮਤੀ ਨਾਲ ਡਿਊਟੀਆਂ ਲਗਾਈਆਂ ਤਾਂ ਕਿ ਸਮਾਗਮ ਸਫਲਤਾ ਪੂਰਬਕ ਸੰਪਨ ਕੀਤਾ ਜਾ ਸਕੇ।

ਮੀਟਿੰਗ ਵਿੱਚ ਹਾਜਰ ਸਾਥੀਆਂ ਨੇ ਜਿਲ੍ਹਾ ਪ੍ਰਧਾਨ ਵਲੋਂ ਵੱਖ ਵੱਖ ਕੰਮਾਂ ਲਈ ਲਾਈਆਂ ਡਿਊਟੀਆਂ ਨੂੰ ਬਾ-ਖੂਬੀ ਨਿਭਾਉਣ ਦਾ ਯਕੀਨ ਦਿਵਾਇਆ। ਜਿਲ੍ਹਾ ਪ੍ਰਧਾਨ ਨੇ ਦਸਿਆ ਕਿ ਇਸ ਸਮਾਗਮ ਵਿੱਚ 80 ਸਾਲ ਦੀ ਉਮਰ ਬਤੀਤ ਕਰ ਚੁੱਕੇ 18 ਪੈਨਸ਼ਨਰਜ਼ ਦੇ ਨਾਮ ਆਏ ਹਨ ਜਿਨ੍ਹਾਂ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਨਮਾਨਿਤ ਕੀਤਾ ਜਾਵੇਗਾ। ਪ੍ਰਧਾਨ ਜੀ ਨੇ ਸਾਥੀਆਂ ਨੂੰ ਕਿਹਾ ਕਿ ਉਹ ਸਾਰੇ ਪੈਨਸ਼ਨਰਾਂ ਤਕ ਪਹੁੰਚ ਕਰਕੇ ਉਨ੍ਹਾਂ ਨੂੰ ਸਮਾਗਮ ਵਿੱਚ ਸ਼ਾਮਲ ਕਰਾਉਣ ਤਾਂ ਕਿ ਜਿਥੇ ਸਾਥੀਆਂ ਨਾਲ ਸਮਾਜਿਕ ਸਾਂਝ ਵਧਾਈ ਜਾਵੇਗੀ, ਉੱਥੇ ਸਰਕਾਰ ਵਲੋਂ ਪੈਨਸ਼ਨਰਾਂ ਨਾਲ ਕੀਤੇ ਜਾ ਰਹੇ ਵਿਤਕਰੇ ਅਤੇ ਆਰਥਿਕ ਨੁਕਸਾਨ ਸਬੰਧੀ ਸਾਥੀਆਂ ਨੂੰ ਸੁਚੇਤ ਕਰਨ ਦੇ ਨਾਲ ਨਾਲ ਭਵਿੱਖੀ ਸੰਘਰਸ਼ਾਂ ਲਈ ਵਿਚਾਰ ਸਾਂਝੇ ਕੀਤੇ ਜਾਣਗੇl
ਉਨ੍ਹਾਂ ਦਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਕੁੰਦਨ ਕੁਮਾਰ, ਰੀਜਨਲ ਮੈਨੇਜਰ, ਸਟੇਟ ਬੈਂਕ ਆਫ ਇੰਡੀਆ, ਸੁਤੈਹਿਰੀ ਰੋਡ ਹੁਸ਼ਿਆਰਪੁਰ ਅਤੇ ਵਿਸ਼ੇਸ਼ ਮਹਿਮਾਨ ਮਹਾਨ ਟਰੇਡ ਯੂਨੀਅਨ ਆਗੂ ਸ੍ਰੀ ਹਰਕੰਵਲ ਸਿੰਘ, ਸ੍ਰੀ ਜਵੰਦ ਸਿੰਘ ਜਿਲ੍ਹਾ ਪ੍ਰਧਾਨ ਗੁਰਦਾਸਪੁਰ, ਸ੍ਰੀ ਸਤੀਸ਼ ਰਾਣਾ ਕੋ-ਆਰਡੀਨੇਟਰ ਪੰਜਾਬ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਹੋਣਗੇ। ਇਹ ਸਮਾਗਮ ਸਵੇਰੇ ਠੀਕ 11 ਵਜੇ ਤੋਂ 2 ਵਜੇ ਬਾ:ਦੁ: ਤੱਕ ਹੋਵੇਗਾ। ਇਸ ਲਈ ਸਮੂਹ ਪੈਨਸ਼ਨਰ ਸਾਥੀਆਂ ਨੂੰ 10.30 ਵਜੇ ਸਵੇਰੇ ਭਾਰਤ ਪੈਲਿਸ ਹੁਸ਼ਿਆਰਪੁਰ ਵਿਖੇ ਪਹੁੰਚਣ ਦੀ ਸਨਿਮਰ ਅਪੀਲ ਕੀਤੀ ਜਾਂਦੀ ਹੈ। ਇਸ ਮੌਕੇ ਜਿਲ੍ਹਾ ਜਨਰਲ ਸਕੱਤਰ ਮਨਜੀਤ ਸਿੰਘ ਸੈਣੀ, ਵਿੱਤ ਸਕੱਤਰ ਸੁਦੇਸ਼ ਚੰਦਰ ਸ਼ਰਮਾਂ, ਸ਼ਮਸ਼ੇਰ ਸਿੰਘ ਧਾਮੀ, ਬਲਵੀਰ ਸਿੰਘ ਸੈਣੀ ਸੂਬਾਈ ਵਧੀਕ ਜਨਰਲ ਸਕੱਤਰ, ਜੈਪਾਲ ਸਿੰਘ, ਗੁਰਚਰਨ ਸਿੰਘ, ਮਨਜੀਤ ਸਿੰਘ ਬਾਜਵਾ, ਸੁਰਜੀਤ ਸਿੰਘ, ਮਹਿੰਦਰ ਸਿੰਘ ਹੀਰ, ਬਾਲ ਕਿ੍ਸ਼ਨ, ਮਨਜਿੰਦਰ ਸਿੰਘ, ਮਦਨ ਲਾਲ ਸੈਣੀ, ਮਹਿੰਦਰ ਕੁਮਾਰ ਮਹਿਤਾ, ਗੁਲਸ਼ਨ ਕੁਮਾਰ, ਰਵਿੰਦਰਪਾਲ ਸ਼ਰਮਾਂ, ਕਰਮਜੀਤ ਸਿੰਘ ਸਮੇਤ ਹੋਰ ਵੀ ਕਾਫੀ ਸਾਥੀ ਹਾਜਰ ਸਨ।












