
ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਵਿੱਚ ਇੱਕ ਪਿਤਾ ਨੇ ਆਪਣੀ ਪੰਜ ਸਾਲ ਦੀ ਧੀ ਦਾ ਰੋਣਾ ਬੰਦ ਕਰਨ ਲਈ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਹ ਦੁਖਦਾਈ ਘਟਨਾ ਦੂਰਦਰਸ਼ਨ ਐਨਕਲੇਵ ਵਿੱਚ ਵਾਪਰੀ। ਮੁਲਜ਼ਮ ਦੀ ਪਹਿਚਾਣ ਅਰਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਮੂਲ ਰੂਪ ਵਿੱਚ ਛੱਤੀਸਗੜ੍ਹ ਦਾ ਰਹਿਣ ਵਾਲਾ ਇੱਕ ਦਿਹਾੜੀਦਾਰ ਮਜ਼ਦੂਰ ਹੈ, ਜੋ ਇਸ ਸਮੇਂ ਦੂਰਦਰਸ਼ਨ ਐਨਕਲੇਵ ਵਿੱਚ ਰਹਿੰਦਾ ਹੈ। ਮੁਲਜ਼ਮ ਨਸ਼ੇੜੀ ਹੈ ਅਤੇ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਅਰਵਿੰਦਰ ਸਿੰਘ ਨਸ਼ੇੜੀ ਹੈ ਅਤੇ ਅਕਸਰ ਸ਼ਰਾਬ ਪੀਂਦਾ ਹੈ। ਉਹ ਦਿਹਾੜੀ ਮਜ਼ਦੂਰੀ ਕਰਦਾ ਹੈ, ਜਦਕਿ ਉਸਦੀ ਪਤਨੀ ਘਰ ਵਿੱਚ ਸਫਾਈ ਦਾ ਕੰਮ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੀ ਹੈ।

ਮਿਲੀ ਜਾਣਕਾਰੀ ਮੁਤਾਬਿਕ 3 ਫਰਵਰੀ ਨੂੰ, 5 ਸਾਲਾਂ ਬੱਚੀ ਮਾਂ ਕੰਮ ‘ਤੇ ਸੀ ਅਤੇ ਘਰ ਵਿੱਚ ਸਿਰਫ਼ ਅਰਵਿੰਦਰ ਅਤੇ ਬੱਚਾ ਹੀ ਮੌਜੂਦ ਸਨ। ਇਸ ਦੌਰਾਨ, ਅਰਵਿੰਦਰ ਸ਼ਰਾਬ ਪੀ ਰਿਹਾ ਸੀ। ਦੁਪਹਿਰ 2:30 ਵਜੇ ਦੇ ਕਰੀਬ, ਨਿਹਾਰਿਕਾ ਭੁੱਖ ਕਾਰਨ ਰੋਣ ਲੱਗ ਪਈ। ਮੁਲਜ਼ਮ ਨੇ ਪਹਿਲਾਂ ਉਸਦੇ ਮੂੰਹ ਵਿੱਚ ਸ਼ਰਾਬ ਪਾ ਕੇ ਉਸਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ, ਫਿਰ ਉਸਨੂੰ ਚੁੱਕ ਕੇ ਹੇਠਾਂ ਸੁੱਟ ਦਿੱਤਾ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਪਿਤਾ ਵੱਲੋਂ ਬੱਚੀ ਨੂੰ ਵਾਰ ਵਾਰ ਥੱਲੇ ਸੁੱਟਿਆ ਗਿਆ ਸੀ, ਇਸਦੇ ਬਾਵਜੂਦ ਵੀ ਬੱਚੀ ਦਾ ਰੋਣਾ ਬੰਦ ਨਹੀਂ ਹੋਇਆ। ਇਸ ਤੋਂ ਬਾਅਦ ਮੁਲਜ਼ਮ ਪਿਤਾ ਅਰਵਿੰਦਰ ਨੇ ਗੁੱਸੇ ਵਿੱਚ ਮਾਸੂਮ ਧੀ ਦਾ ਗਲਾ ਘੁੱਟ ਦਿੱਤਾ, ਜਿਸ ਨਾਲ ਉਸਦੀ ਤੁਰੰਤ ਮੌਤ ਹੋ ਗਈ। ਸ਼ਿਕਾਇਤ ਲੜਕੀ ਦੇ ਚਾਚਾ ਹਿੰਮਤ ਕੁਮਾਰ ਨੇ ਦਰਜ ਕਰਵਾਈ ਸੀ, ਜਿਸ ਦੇ ਆਧਾਰ ‘ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਅਰਵਿੰਦਰ ਨੂੰ ਗ੍ਰਿਫਤਾਰ ਕਰ ਲਿਆ।












