
ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਸਿਰ ਤੇ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਗਈ ਹੈ। ਪੰਜਾਬ ਸਰਕਾਰ ਨੇ ਇਕ ਵਾਰ ਫਿਰ ਕਰਜ਼ਾ ਲੈ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਵੱਲੋਂ 31 ਜਨਵਰੀ ਨੂੰ 1 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਗਿਆ ਹੈ। ਇਹ ਕਰਜਾ ਸਰਕਾਰ ਨੇ ਸਰਕਾਰੀ ਸਟਾਕ ਗਹਿਣੇ ਰੱਖ ਕੇ ਲਿਆ ਹੈ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਨੋਟੀਫਿਕੇਸ਼ਨ ਦੇ ਅਨੁਸਾਰ, ਕਰਜ਼ੇ ਦੀ ਰਕਮ ਪੂੰਜੀ ਖਰਚ ਅਤੇ ਚੱਲ ਰਹੀਆਂ ਵਿਕਾਸ ਯੋਜਨਾਵਾਂ ਦੇ ਵਿੱਤ ਲਈ ਵਰਤੀ ਜਾਵੇਗੀ, ਜਦਕਿ ਸੰਵਿਧਾਨ ਦੇ ਅਨੁਛੇਦ 293(3) ਦੇ ਤਹਿਤ ਕੇਂਦਰ ਸਰਕਾਰ ਦੀ ਸਹਿਮਤੀ ਪ੍ਰਾਪਤ ਕੀਤੀ ਗਈ ਹੈ, ਇਸਦੀ ਲੋੜ ਉਸ ਸਮੇਂ ਹੁੰਦੀ ਹੈ ਜਦੋ ਸੂਬਾ ਨਿਰਧਾਰਤ ਕਰਜ਼ ਸੀਮਾਵਾਂ ਨੂੰ ਪਾਰ ਕਰਦਾ ਹੈ।

ਦੱਸ ਦਈਏ ਕਿ 31 ਜਨਵਰੀ ਨੂੰ ਲਿਆ ਹੋਇਆ ਕਰਜ਼ੇ ਲਈ ਸਾਲ 2038 ਤੱਕ ਕਿਸ਼ਤਾਂ ਭਰਨੀਆਂ ਹੋਣਗੀਆਂ। ਪੰਜਾਬ ਸਰਕਾਰ ਪਹਿਲਾਂ ਵੀ ਕਈ ਵਾਰ ਕਰਜ਼ਾ ਲੈ ਚੁੱਕੀ ਹੈ। ਇਸ ਸਮੇਂ ਪੰਜਾਬ ਕਰਜ਼ ਲੈਣ ਵਿੱਚ ਦੂਜੇ ਨੰਬਰ ’ਤੇ ਹੈ। ਨਾਲ ਹੀ ਪੰਜਾਬ ’ਤੇ ਇਸ ਸਮੇਂ 4 ਲੱਖ ਕਰੋੜ ਦਾ ਕਰਜ਼ਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਮਾਰਕਿਟ ਵਿੱਚੋਂ ਇੱਕ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਸੀ। ਕਰਜ਼ਾ ਲੈਣ ਲਈ ਪੰਜਾਬ ਸਰਕਾਰ ਨੇ ਐਸਡੀਐਲ ਵੀ ਜਾਰੀ ਕੀਤੇ ਸੀ।











