
ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦੇ ਜਗੀਰਪੁਰ ਦੀ ਸੁਰਜੀਤ ਕਲੋਨੀ ਵਿੱਚ ਇੱਕ 32 ਸਾਲਾ ਵਿਆਹੁਤਾ ਔਰਤ ਨੇ ਆਪਣੇ ਮਕਾਨ ਮਾਲਕ ਵੱਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਕਰਕੇ ਖੁਦਕੁਸ਼ੀ ਕਰ ਲਈ ਹੈ। ਆਰੋਪ ਹੈ ਕਿ ਮਕਾਨ ਮਾਲਕ ਨੇ ਵਿਆਹੁਤਾ ਦੀ ਨਹਾਉਂਦੇ ਸਮੇਂ ਵੀਡੀਓ ਬਣਾਈ ਸੀ ਅਤੇ ਉਸਨੂੰ ਬਲੈਕਮੇਲ ਕਰਨ ਲਈ ਕਰ ਰਿਹਾ ਸੀ। ਮ੍ਰਿਤਕਾ ਦੀ ਪਛਾਣ ਰੋਜ਼ੀ ਵਜੋਂ ਹੋਈ ਹੈ। ਪਰਿਵਾਰ ਦੇ ਅਨੁਸਾਰ ਰੋਜ਼ੀ ਦਾ ਪਤੀ ਪਿਛਲੇ ਪੰਜ ਮਹੀਨਿਆਂ ਤੋਂ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ ਗਿਆ ਹੋਇਆ ਸੀ। ਰੋਜ਼ੀ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ।

ਮ੍ਰਿਤਕਾ ਦੇ ਪਿਤਾ ਪਾਲਾ ਰਾਮ ਨੇ ਦੱਸਿਆ ਕਿ 9 ਫਰਵਰੀ 2026 ਨੂੰ ਉਸਨੂੰ ਇੱਕ ਫੋਨ ਆਇਆ ,ਜਿਸ ਵਿੱਚ ਉਸਨੂੰ ਦੱਸਿਆ ਗਿਆ ਕਿ ਉਸਦੀ ਧੀ ਨੇ ਫਾਹਾ ਲੈ ਲਿਆ ਹੈ ਅਤੇ ਉਸਦੀ ਮੌਤ ਹੋ ਗਈ ਹੈ। ਜਦੋਂ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚੇ ਤਾਂ ਰੋਜ਼ੀ ਦੇ ਸਹੁਰਿਆਂ ਨੇ ਕਿਹਾ ਕਿ ਉਸਨੇ ਕਦੇ ਵੀ ਕੋਈ ਸਮੱਸਿਆ ਨਹੀਂ ਦੱਸੀ। ਉਹ ਹਮੇਸ਼ਾ ਆਪਣੇ ਬੱਚਿਆਂ ਬਾਰੇ ਖੁਸ਼ੀ ਨਾਲ ਗੱਲ ਕਰਦੀ ਸੀ।












