
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। “ਦਿਵਯ ਜਯੋਤੀ ਜਾਗ੍ਰਤੀ ਸੰਸਥਾਨ” ਵੱਲੋਂ ਆਪਣੇ ਸਥਾਨਕ ਆਸ਼ਰਮ ਵਿਖੇ ਆਯੋਜਿਤ ਦੋ ਦਿਨਾਂ *ਵਿਲੱਖਣ ਯੋਗ ਅਤੇ ਧਿਆਨ ਸਾਧਨਾ ਸ਼ਿਵਿਰ”* ਦੇ ਅੱਜ *ਦੂਜੇ ਦਿਨ* ਸੰਸਥਾਨ ਵੱਲੋਂ *ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ* ਦੇ ਸ਼ਿਸ਼ *ਸਵਾਮੀ ਵਿਗਿਆਨਾਨੰਦ* ਨੇ ਦੱਸਿਆ ਕਿ ਜਗਤਗੁਰੂ ਭਾਰਤ ਭੂਮੀ ਪਰਵਾਂ ਅਤੇ ਤਿਓਹਾਰਾਂ ਦੀ ਧਰਤੀ ਹੈ। ਇਥੇ ਹਰੇਕ ਪਰਵ ਧਾਰਮਿਕ ਅਤੇ ਆਤਮਿਕ ਪੱਧਰ ਤੇ ਮਨਾਇਆ ਜਾਂਦਾ ਹੈ। ਅਜੋਕੇ ਵਿਗਿਆਨਕ ਯੁਗ ਵਿੱਚ ਜਿੱਥੇ ਭੌਤਿਕ ਵਿਗਿਆਨ ਦੁਆਰਾ ਭੌਤਿਕ ਸੁਖ ਸੁਵਿਧਾਵਾਂ ਦਾ ਵਿਕਾਸ ਹੋਇਆ ਹੈ ਉੱਥੇ ਨਾਲ ਹੀ ਮਨੁੱਖ ਦਾ ਆੰਤਰਿਕ ਅਤੇ ਆਤਮਿਕ ਪਤਨ ਵੀ ਹੋਇਆ ਹੈ। ਕਿਉਂਕਿ ਅੱਜ ਭਾਰਤਵਾਸੀ ਹਰੇਕ ਪਰਵ ਨੂੰ ਭੌਤਿਕ ਪੱਧਰ ਤੇ ਹੀ ਮਨਾਉਂਦੇ ਹਨ ਜਿਸ ਨਾਲ ਹੋਲੀ, ਦੁਸਹਿਰਾ, ਦੀਵਾਲੀ ਅਤੇ ਲੋਹੜੀ ਵਰਗੇ ਪਰਵਾਂ ਦੀ ਗਰਿਮਾ ਫਿੱਕੀ ਹੋ ਰਹੀ ਹੈ।

ਸਵਾਮੀ ਜੀ ਨੇ “ਹੋਲੀ” ਪਰਵ ਦੀ ਮਹਾਨਤਾ ਨੂੰ ਦੱਸਦੇ ਹੋਏ ਕਿਹਾ ਯੁਗਾਂ ਤੋਂ ਹੋਲੀ ਦਾ ਪਰਵ ਅਗਿਆਨ, ਅਭਿਮਾਨ, ਝੂਠ, ਅਤੇ ਹਨੇਰੇ ਦੀ ਪ੍ਰਤੀਕ ‘ਹੋਲਿਕਾ’ ਉੱਤੇ ਗਿਆਨ, ਸੱਚ, ਸ਼ੀਲ, ਭਗਤੀ ਅਤੇ ਪ੍ਰਕਾਸ਼ ਦੇ ਪ੍ਰਤੀਕ ‘ਪ੍ਰਹਿਲਾਦ’ ਦੀ ਜਿੱਤ ਦਾ ਪ੍ਰਤੀਕ ਹੈ। ਦੁੱਖ ਦਾ ਵਿਸ਼ਾ ਹੈ ਕਿ ਅੱਜ ਭਾਰਤ ਦੇਸ਼ ਵਿੱਚ ਹੋਲੀ ਦੇ ਪਵਿੱਤਰ ਦਿਹਾੜੇ ਤੇ ਜ਼ਿਆਦਾਤਰ ਪੜ੍ਹੇ ਲਿਖੇ ਅਤੇ ਸੂਝਵਾਨ ਨੌਜਵਾਨ ਨਸ਼ਾ ਕਰਦੇ ਹਨ ਅਤੇ ਰਸਾਇਣ ਭਰਪੂਰ ਰੰਗਾਂ ਦੀ ਵਰਤੋਂ ਕਰਕੇ ਪਾਣੀ ਦੀ ਨਿਰਰਥਕ ਵਰਤੋਂ ਕਰਕੇ ਇਸ ਪਰਵ ਨੂੰ ਗਲਤ ਰੂਪ ਪ੍ਰਦਾਨ ਕਰ ਰਹੇ ਹਨ। ਅੱਜ ਜਰੂਰਤ ਹੈ ਕਿ ਇਸ ਪਰਵ ਤੇ ਨਸ਼ੇ ਦੀ, ਆਤੰਕਵਾਦ ਦੀ, ਭ੍ਰਿਸ਼ਟਾਚਾਰ ਦੀ, ਅਗਿਆਨਤਾ ਦੀ ਹੋਲਿਕਾ ਸਾੜ ਕੇ ਅਤੇ ਪਾਣੀ ਬਚਾ ਕੇ ਆਪਣੇ ਭਾਰਤ ਦੇਸ਼ ਦੀ “ਜਵਾਨੀ ਅਤੇ ਕਿਸਾਨੀ” ਨੂੰ ਬਚਾਈਏ ਜਿਸ ਨਾਲ ਇਕ ਸੱਚੇ ਸੁੱਚੇ ਰਾਸ਼ਟਰ ਦੀ ਸਿਰਜਣਾ ਹੋ ਸਕੇ। ਧਿਆਨ ਦੇਣ ਯੋਗ ਹੈ ਕਿ ਅੱਜ ਸੰਸਥਾਨ ਦੇ “ਅੰਤਰਕਰਾਂਤੀ” ਪ੍ਰੋਜੈਕਟ ਦੇ ਅੰਤਰਗਤ “ਤਿਹਾੜ ਜੇਲ” ਵਿਚ ਕੈਦੀ ਬੰਦੀਆਂ ਦੁਆਰਾ ਸੰਸਥਾਨ ਦੇ ਸਹਿਯੋਗ ਨਾਲ ਸਮਾਜ ਕਲਿਆਣ ਅਤੇ ਉਥਾਨ ਲਈ ਪਲਾਸ਼ ਦੇ ਫੁੱਲਾਂ ਅਤੇ ਆਯੁਰਵੈਦਿਕ ਜੜ੍ਹੀ ਬੂਟੀਆਂ ਨਾਲ ਵਿਸ਼ੁੱਧ ਕੁਦਰਤੀ ਰੰਗ ਤਿਆਰ ਕੀਤੇ ਜਾਂਦੇ ਹਨ। ਜੋਕਿ ਰਸਾਇਣ ਮੁਕਤ ਹੋਣ ਕਰਕੇ ਸਿਹਤ ਪੱਖੋਂ ਵੀ ਪੂਰੀ ਤਰ੍ਹਾਂ ਫਾਇਦੇਮੰਦ ਹਨ।
ਅੱਜ ਆਸ਼ਰਮ ਪਰਿਸਰ ਵਿੱਚ ਜਿੱਥੇ ਵਿਸ਼ਵ ਸ਼ਾਂਤੀ ਦੀ ਮੰਗਲ ਕਾਮਨਾ ਕਰਦੇ ਹੋਏ ਸਾਧਕਾਂ ਨੇ ਸਾਮੂਹਿਕ ਧਿਆਨ ਅਤੇ ਅਲੌਕਿਕ ਮੰਤਰਾਂ ਦਾ ਉਚਾਰਣ ਕੀਤਾ ਉੱਥੇ ਨਾਲ ਹੀ ਸਾਧਕਾਂ ਨੇ *ਹੋਲੀ ਦੇ ਰੰਗ, ਰਾਸ਼ਟਰ ਨਿਰਮਾਣ ਦੇ ਸੰਗ”* ਅਨੁਸਾਰ *ਤਿਲਕ ਹੋਲੀ* ਮਨਾਉਂਦੇ ਹੋਏ ਇਕ ਦੂਜੇ ਨੂੰ ਸ਼ੁੱਧ ਆਯੁਰਵੈਦਿਕ ਰੰਗਾਂ ਦੇ ਤਿਲਕ ਲਗਾ ਕੇ ਸਮਾਜ ਨੂੰ ਪਾਣੀ ਬਚਾਉਣ ਦਾ ਸੰਦੇਸ਼ ਦਿੱਤਾ। *ਸਾਧਵੀ ਵੀਰੇਸ਼ਵਰੀ ਭਾਰਤੀ ਸੰਦੀਪ ਭਾਰਤੀ ਅਤੇ ਅਵਿਨਾਸ਼ ਭਾਰਤੀ* ਨੇ ਭਜਨ ਗਾ ਕੇ ਸਾਧਕਾਂ ਦਾ ਸਕਾਰਾਤਮਕ ਮਾਰਗਦਰਸ਼ਨ ਵੀ ਕੀਤਾ।












