
ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚੇਅਰਮੈਨ, ਡਾ. ਅਮਰਪਾਲ ਸਿੰਘ ਦੀ ਯੋਗ ਅਗਵਾਈ ਹੇਠ ਅਕਾਦਮਿਕ ਸਾਲ 2025-2026 ਅੱਠਵੀਂ ਸ਼੍ਰੇਣੀ ਦਾ ਨਤੀਜਾ ਐਲਾਨਿਆ ਗਿਆ ਹੈ। ਇਸ ਸਾਲ ਅੱਠਵੀਂ ਸ਼੍ਰੇਣੀ ਦੀ ਪ੍ਰੀਖਿਆ ਵਿੱਚ ਕੁੱਲ 10422 ਸਕੂਲਾਂ ਦੇ 262966 ਪ੍ਰੀਖਿਆਰਥੀ ਪ੍ਰੀਖਿਆ ਵਿੱਚ ਅਪੀਅਰ ਹੋਏ, ਜਿਨ੍ਹਾਂ ਵਿੱਚੋਂ 253789 ਪ੍ਰਮੋਟ ਹੋਏ ਅਤੇ ਇਸ ਨਤੀਜੇ ਦੀ ਪਾਸ ਪ੍ਰਤੀਸ਼ਤਤਾ 96.51 ਰਹੀ ਹੈ। ਘੋਸ਼ਿਤ ਕੀਤੇ ਨਤੀਜੇ ਅਨੁਸਾਰ ਤਮੰਨਾ ਪੁੱਤਰੀ ਨਰਿੰਦਰ ਕੁਮਾਰ/ਸੁਨੀਤਾ, (ਰੋਲ ਨੰ. 8026236105) ਸਰਸਵਤੀ ਸੀਨੀਅਰ ਸੈਕੰਡਰੀ ਸਕੂਲ , ਜੈਤੋਂ (ਫਰੀਦਕੋਟ) ਨੇ 600 ਵਿੱਚੋਂ 600 ਭਾਵ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਦੇ ਹੋਏ ਪਹਿਲਾ, ਜਪਨੀਤ ਕੌਰ ਪੁੱਤਰੀ ਕੁਲਦੀਪ ਸਿੰਘ/ਜਗਦੀਪ ਕੌਰ (ਰੋਲ ਨੰ. 8026921281) ਸਰਕਾਰੀ ਮਿਡਲ ਸਕੂਲ , ਅਰਕਵਾਸ (ਸੰਗਰੂਰ) ਨੇ 600 ਵਿੱਚੋਂ 598 ਕੁੱਲ 99.67 ਪ੍ਰਤੀਸ਼ਤ ਅੰਕ ਪ੍ਰਾਪਤ ਕਰਦੇ ਹੋਏ ਦੂਜਾ ਅਤੇ ਜਸ਼ਨਦੀਪ ਕੌਰ ਪੁੱਤਰੀ ਹਰਪ੍ਰੀਤ ਸਿੰਘ/ਕੁਲਵਿੰਦਰ ਕੌਰ (ਰੋਲ ਨੰ. 8026238728) ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆ (ਫਰੀਦਕੋਟ), ਨੇ 600 ਵਿੱਚੋਂ 598 ਕੁੱਲ 99.67 ਪ੍ਰਤੀਸ਼ਤ ਅੰਕ ਪ੍ਰਾਪਤ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਿਯਮਾਂ ਅਨੁਸਾਰ ਬਰਾਬਰ ਅੰਕ ਪ੍ਰਾਪਤ ਕਰਨ ਤੇ ਛੋਟੀ ਉਮਰ ਵਾਲੇ ਪ੍ਰੀਖਿਆਰਥੀ ਨੂੰ ਮੈਰਿਟ ਵਿੱਚ ਉੱਚ ਸਥਾਨ ਪ੍ਰਦਾਨ ਕੀਤਾ ਗਿਆ ਹੈ। ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਨਤੀਜੇ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਸ ਵਾਰ ਬੋਰਡ ਪ੍ਰੀਖਿਆਵਾਂ ਨੂੰ ਪਹਿਲਾਂ ਨਾਲੋਂ ਵਧੇਰੇ ਸਖ਼ਤੀ ਅਤੇ ਪਾਰਦਰਸ਼ਤਾ ਨਾਲ ਅਯੋਜਿਤ ਕਰਵਾਇਆ ਗਿਆ ਹੈ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਪ੍ਰਸ਼ਨ ਪੱਤਰਾਂ ਦੀ ਗੁਣਵੱਤਾ ਵਧਾਉਣ ਦੇ ਨਾਲ ਨਾਲ ਪਾਠਕ੍ਰਮ ਵਿੱਚ ਲੋੜੀਂਦੇ ਸੁਧਾਰ ਕਰਦੇ ਹੋਏ ਕਈ ਹੋਰ ਵੀ ਉਪਰਾਲੇ ਕੀਤੇ ਜਾਣਗੇ।












