
ਪਟਿਆਲਾ (ਦ ਸਟੈਲਰ ਨਿਊਜ਼)। ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਸਕੂਲ ਆਫ ਸਾਇੰਸਜ਼ ਐਂਡ ਇਮਰਜਿੰਗ ਟੈਕਨੋਲੋਜੀ ਨਾਲ ਸੰਬੰਧਿਤ ਡਾ. ਗੌਰਵ ਧੀਮਾਨ ਨੇ ਅੰਤਰਰਾਸ਼ਟਰੀ ਪੱਧਰ ‘ਤੇ ਮਹੱਤਵਪੂਰਨ ਉਪਲਬਧੀ ਹਾਸਲ ਕਰਦੇ ਹੋਏ 8 ਯੂਕੇ ਡਿਜ਼ਾਇਨ ਪੇਟੈਂਟ ਪ੍ਰਕਾਸ਼ਿਤ ਕਰਵਾਏ ਹਨ। ਇਹ ਉਪਲਬਧੀ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ ਅਤੇ ਖੋਜ ਅਤੇ ਨਵਾਚਾਰ ਦੇ ਖੇਤਰ ਵਿੱਚ ਯੂਨੀਵਰਸਿਟੀ ਦੀ ਵਧ ਰਹੀ ਪਛਾਣ ਨੂੰ ਦਰਸਾਉਂਦੀ ਹੈ। ਡਾ. ਗੌਰਵ ਧੀਮਾਨ ਲਗਾਤਾਰ ਖੋਜ, ਨਵੀਂ ਤਕਨਾਲੋਜੀ ਅਤੇ ਬੌਧਿਕ ਸੰਪਦਾ ਦੇ ਖੇਤਰ ਵਿੱਚ ਸਰਗਰਮ ਯੋਗਦਾਨ ਪਾ ਰਹੇ ਹਨ। ਉਨ੍ਹਾਂ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਇਹ 8 ਯੂਕੇ ਡਿਜ਼ਾਇਨ ਪੇਟੈਂਟ ਉਨ੍ਹਾਂ ਦੀ ਖੋਜ ਪ੍ਰਤੀ ਸਮਰਪਣ ਅਤੇ ਨਵਚੇਤਨਾ ਦੀ ਸੋਚ ਨੂੰ ਦਰਸਾਉਂਦੇ ਹਨ।

ਇਸ ਮੌਕੇ ‘ਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਮਾਣਯੋਗ ਵਾਈਸ ਚਾਂਸਲਰ ਸਾਹਿਬ ਨੇ ਡਾ. ਗੌਰਵ ਧੀਮਾਨ ਨੂੰ ਇਸ ਵਿਸ਼ੇਸ਼ ਉਪਲਬਧੀ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਖੋਜਕਰਤਿਆਂ ਲਈ ਪ੍ਰੇਰਣਾ ਸਰੂਪ ਹਨ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਖੋਜ, ਨਵਾਚਾਰ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਬੌਧਿਕ ਸੰਪਦਾ ਦੇ ਵਿਕਾਸ ਲਈ ਵਚਨਬੱਧ ਹੈ। ਯੂਨੀਵਰਸਿਟੀ ਦੇ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਵੱਲੋਂ ਵੀ ਡਾ. ਗੌਰਵ ਧੀਮਾਨ ਨੂੰ ਇਸ ਉਪਲਬਧੀ ਲਈ ਹਾਰਦਿਕ ਵਧਾਈ ਦਿੱਤੀ ਗਈ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ ਗਈਆਂ।











