
ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦੇ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਤੇਜ਼ ਰਫ਼ਤਾਰ ਕਾਰ ਨੇ 5 ਲੋਕਾਂ ਨੂੰ ਦਰੜ ਦਿੱਤਾ। ਵੀਰਵਾਰ ਨੂੰ ਵਾਪਰੇ ਇਸ ਭਿਆਨਕ ਹਾਦਸੇ ਵਿੱਚ ਇੱਕ ਸਬਜ਼ੀ ਵਿਕਰੇਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 4 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਇਹ ਸਾਰੀ ਘਟਨਾ ਉੱਥੇ ਲੱਗੇ ਇੱਕ ਸੀਸੀਟੀਵੀ (CCTV) ਕੈਮਰੇ ਵਿੱਚ ਕੈਦ ਹੋ ਗਈ। ਕਾਰ ਸਬਜ਼ੀ ਵਿਕਰੇਤਾ ਨੂੰ ਦੂਰ ਤੱਕ ਘੜੀਸਦੀ ਲੈ ਗਈ।

ਮੌਕੇ ‘ਤੇ ਮੌਜੂਦ ਲੋਕਾਂ ਨੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਲੋਕਾਂ ਨੇ ਮੌਕੇ ‘ਤੇ ਫੜ ਲਿਆ ਅਤੇ ਪੁਲਿਸ ਨੂੰ ਮੌਕੇ ‘ਤੇ ਪਹੁੰਚਣ ਉਪਰੰਤ ਹਵਾਲੇ ਕਰ ਦਿੱਤਾ। ਲੋਕਾਂ ਨੇ ਕਿਹਾ ਹੈ ਕਿ ਡਰਾਈਵਰ ਗੱਡੀ ਚਲਾਉਣਾ ਸਿੱਖ ਰਿਹਾ ਸੀ। ਬਾਜ਼ਾਰ ਵਿੱਚ ਭੀੜ ਦੇਖ ਕੇ ਉਹ ਘਬਰਾ ਗਿਆ ਅਤੇ ਇਸ ਹਾਦਸੇ ਨੂੰ ਅੰਜਾਮ ਦਿੱਤਾ।
ਇਸ ਖੌਫ਼ਨਾਕ ਘਟਨਾ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਬੇਕਾਬੂ ਕਾਰ ਪਹਿਲਾਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰਦੀ ਹੈ ਅਤੇ ਫਿਰ ਅੱਗੇ ਲੋਕਾਂ ਨੂੰ ਕੁਚਲਦੀ ਹੋਈ ਲੰਘ ਰਹੀ ਹੈ ਤੇ ਕੰਧ ਵਿੱਚ ਵੱਜ ਕੇ ਰੁਕ ਗਈ। ਮ੍ਰਿਤਕ ਸਬਜ਼ੀ ਵਿਕਰੇਤਾ ਦੀ ਪਹਿਚਾਣ ਜਗਤਾਰ ਸਿੰਘ ਗੋਸ਼ਾ ਵਜੋਂ ਹੋਈ ਹੈ। ਉਹ ਬੂਥਗੜ੍ਹ ਦੀ ਸਸਰਾਲੀ ਕਲੋਨੀ ਦਾ ਰਹਿਣ ਵਾਲਾ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗੋਸ਼ਾ ਲਗਭਗ 20 ਸਾਲਾਂ ਤੋਂ ਇਲਾਕੇ ਵਿੱਚ ਸਬਜ਼ੀਆਂ ਵੇਚ ਰਿਹਾ ਸੀ।
ਲੋਕਾਂ ਨੇ ਦੱਸਿਆ ਕਿ ਹਾਦਸੇ ਵਿੱਚ ਗੋਸ਼ਾ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਾਰ ਲੋਕਾਂ ਨੂੰ ਟੱਕਰ ਮਾਰਦੀ ਰਹੀ। ਲਗਭਗ 50 ਮੀਟਰ ਬਾਅਦ, ਇਹ ਸੜਕ ਕਿਨਾਰੇ ਖੜ੍ਹੇ ਇੱਕ ਮਾਂ-ਧੀ ਦੇ ਸਕੂਟਰ ਨਾਲ ਟਕਰਾ ਗਈ। ਇਹ ਨੇੜੇ ਖੜ੍ਹੇ 2 ਹੋਰ ਸਕੂਟਰਾਂ ਨੂੰ ਵੀ ਟੱਕਰ ਮਾਰ ਗਈ, ਜਿਸ ਕਾਰਨ ਕਾਰ ਰੁਕ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਚਓ ਗੁਰਜੀਤ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਤਮਨਜੋਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਫੀਲਡ ਗੰਜ ਦਾ ਰਹਿਣ ਵਾਲਾ ਹੈ ਅਤੇ ਲਗਭਗ 20-22 ਸਾਲ ਦਾ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।










