ਪੋਲੀਥੀਨ ਫਰੀ ਹੋਵੇਗਾ 2 ਫਰਵਰੀ ਦਾ ਰੈਡ ਕਰਾਸ ਮੇਲਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲਾ ਰੈਡ ਕਰਾਸ ਸੋਸਾਇਟੀ ਵਲੋਂ 2 ਫਰਵਰੀ ਨੂੰ ਰੌਸ਼ਨ ਗਰਾਉਂਡ ਹੁਸ਼ਿਆਰਪੁਰ ਵਿਖੇ ਰੈਡ ਕਰਾਸ ਮੇਲਾ ਲਗਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਮੇਲੇ ਵਿੱਚ ਵੱਧ ਤੋਂ ਵੱਧ ਸ਼ਿਰਕਤ ਕੀਤੀ ਜਾਵੇ। ਉਹਨਾਂ ਦੱਸਿਆ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਇਹ ਮੇਲਾ ਪੋਲੀਥੀਨ ਫਰੀ ਹੋਵੇਗਾ ਅਤੇ ਮੇਲੇ ਦੌਰਾਨ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਬਿਲਕੁੱਲ ਨਹੀਂ ਕਰਨ ਦਿੱਤੀ ਜਾਵੇਗੀ। ਈਸ਼ਾ ਕਾਲੀਆ ਨੇ ਦੱਸਿਆ ਕਿ ਰੈਡ ਕਰਾਸ ਮੇਲੇ ਵਿੱਚ ਸਭਿਆਚਾਰਕ ਪ੍ਰੋਗਰਾਮ ਤੋਂ ਇਲਾਵਾ ਜਾਦੂਗਰ, ਕੱਠਪੁਤਲੀ ਸ਼ੋਅ, ਬਾਇਓ ਸਕੋਪ, ਗੇਮਜ਼ ਤੋਂ ਇਲਾਵਾ ਬੱਚਿਆਂ ਦੀਆਂ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।

Advertisements

-ਪੋਲੀਥੀਨ ਫਰੀ ਹੋਵੇਗਾ ਰੈਡ ਕਰਾਸ ਮੇਲਾ

ਇਸ ਤੋਂ ਇਲਾਵਾ ਵੱਖ-ਵੱਖ ਫੂਡ ਸਟਾਲ ਅਤੇ ਸੈਲਫ ਹੈਲਪ ਗਰੁੱਪਾਂ ਵਲੋਂ ਵੀ ਆਪਣੀਆਂ ਵਸਤਾਂ ਨਾਲ ਸਬੰਧਤ ਸਟਾਲ ਲਗਾਏ ਜਾਣਗੇ। ਉਹਨਾਂ ਨਿਰਦੇਸ਼ ਦਿੰਦਿਆਂ ਕਿਹਾ ਕਿ ਸਟਾਲ ਲਗਾਉਣ ਵਾਲੇ ਵਿਅਕਤੀਆਂ ਲਈ ਇਹ ਜ਼ਰੂਰੀ ਹੋਵੇਗਾ ਕਿ ਉਹ ਪੋਲੀਥੀਨ ਦੀ ਵਰਤੋਂ ਨਾ ਕਰਨ। ਉਹਨਾਂ ਕਿਹਾ ਕਿ ਜਿਹੜੇ ਅਦਾਰੇ ਆਪਣਾ ਸਟਾਲ ਲਗਾਉਣਾ ਚਾਹੁੰਦੇ ਹਨ, ਉਹ ਸਕੱਤਰ ਜ਼ਿਲਾ ਰੈਡ ਕਰਾਸ ਸੋਸਾਇਟੀ ਨਾਲ ਸੰਪਰਕ ਕਰ ਸਕਦੇ ਹਨ। ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲਾ ਰੈਡ ਕਰਾਸ ਸੋਸਾਇਟੀ ਈਸ਼ਾ ਕਾਲੀਆ ਨੇ ਦੱਸਿਆ ਕਿ ਰੈਡ ਕਰਾਸ ਮੇਲੇ ਦੌਰਾਨ ਵੱਖ-ਵੱਖ ਲੱਕੀ ਕੂਪਨ ਦੇ ਡਰਾਅ ਵੀ ਕੱਢੇ ਜਾ ਰਹੇ ਹਨ, ਜਿਸ ਵਿੱਚ ਇਕ ਸਕੂਟੀ, 2 ਲੈਪਟਾਪ, 10 ਮੋਬਾਇਲ, 5 ਟੈਬਸ, 10 ਕੈਲਕੁਲੇਟਰ ਅਤੇ 10 ਹੌਟ ਕੇਸ ਸ਼ਾਮਲ ਹਨ।

– ਬੱਚਿਆਂ ਲਈ ਮਨੋਰੰਜਕ ਗਤੀਵਿਧੀਆਂ ਤੋਂ ਇਲਾਵਾ ਕੱਢੇ ਜਾਣਗੇ ਲੱਕੀ ਡਰਾਅ

ਉਹਨਾਂ ਕਿਹਾ ਕਿ ਇਹ ਕੂਪਨ ਸਾਰੇ ਸਕੂਲਾਂ, ਕਾਲਜਾਂ ਅਤੇ ਹੋਰ ਉਦਯੋਗਿਕ ਅਦਾਰਿਆਂ ਵਿੱਚ ਜ਼ਿਲਾ ਰੈਡ ਕਰਾਸ ਸੋਸਾਇਟੀ ਵਲੋਂ ਪਹੁੰਚਾਏ ਜਾ ਰਹੇ ਹਨ। ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਨਿੱਜੀ ਤੌਰ ‘ਤੇ ਕੂਪਨ ਲੈਣਾ ਚਾਹੁੰਦਾ ਹੈ, ਤਾਂ ਉਹ ਜ਼ਿਲਾ ਰੈਡ ਕਰਾਸ ਸੋਸਾਇਟੀ ਦੇ ਦਫ਼ਤਰ ਸੰਪਰਕ ਕਰ ਸਕਦਾ ਹੈ। ਈਸ਼ਾ ਕਾਲੀਆ ਨੇ ਸਟਾਲ ਲਗਾਉਣ ਵਾਲੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਸਮੇਂ ਸਿਰ ਸਟਾਲ ਲਗਾਉਣੇ ਯਕੀਨੀ ਬਣਾਏ ਜਾਣ ਅਤੇ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਹਨਾਂ ਸੈਲਫ ਹੈਲਪ ਗਰੁੱਪਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਆਪਣੀਆਂ ਵਸਤਾਂ ਵੇਚਣ ਲਈ ਇਸ ਮੇਲੇ ਵਿੱਚ ਸ਼ਿਰਕਤ ਕਰ ਸਕਦੇ ਹਨ, ਜਿਸ ਲਈ ਪ੍ਰਸ਼ਾਸਨ ਵਲੋਂ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। 

LEAVE A REPLY

Please enter your comment!
Please enter your name here