ਸਵੀਪ ਤਹਿਤ ਵੋਟਰ ਜਾਗਰੂਕਤਾ ਲਈ ਡਿਪਟੀ ਕਮਿਸ਼ਨਰ ਨੇ 150 ਫੁੱਟ ਉਚਾ ਗੁਬਾਰਾ ਲਹਿਰਾਇਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਰਤ ਚੋਣ ਕਮਿਸ਼ਨ ਵਲੋਂ ਨਿਯੁਕਤ ਕੀਤੇ ਖਰਚਾ ਅਬਜ਼ਰਵਰ ਅਨਿਲ ਕੁਮਾਰ ਲੁਬਾਣਾ ਨੇ ਕਿਹਾ ਕਿ ਨਾਮਜ਼ਦਗੀ ਪੱਤਰ ਭਰਨ ਉਪਰੰਤ ਸਬੰਧਤ ਉਮੀਦਵਾਰ ਦਾ ਚੋਣ ਖਰਚਾ ਉਸਦੇ ਖਾਤੇ ਵਿੱਚ ਜੋੜਿਆ ਜਾਵੇਗਾ। ਉਹ ਅੱਜ ਸਹਾਇਕ ਰਿਟਰਨਿੰਗ ਅਫ਼ਸਰਾਂ ਅਤੇ ਸਹਾਇਕ ਖਰਚਾ ਅਬਜ਼ਰਵਰਾਂ ਨਾਲ ਮੀਟਿੰਗ ਕਰ ਰਹੇ ਸਨ। ਇਸ ਮੌਕੇ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਈਸ਼ਾ ਕਾਲੀਆ ਅਤੇ ਐਸ.ਐਸ.ਪੀ. ਜੇ. ਏਲਨਚੇਲੀਅਨ ਤੋਂ ਇਲਾਵਾ ਹੁਸ਼ਿਆਰਪੁਰ ਲੋਕਸਭਾ ਹਲਕੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਦੇ ਏ.ਆਰ.ਓਜ਼ ਅਤੇ ਪੁਲਿਸ ਅਧਿਕਾਰੀ ਹਾਜ਼ਰ ਸਨ। 

Advertisements

ਖਰਚਾ ਅਬਜ਼ਰਵਰ ਲੁਬਾਣਾ ਨੇ ਕਿਹਾ ਕਿ ਲੋਕਸਭਾ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾਣਗੀਆਂ, ਇਸ ਲਈ ਹੋਰ ਗੰਭੀਰਤਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਜਾਵੇ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਤੁਰੰਤ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਦੇ ਚੋਣ ਖਰਚੇ ਦਾ ਹਿਸਾਬ-ਕਿਤਾਬ ਰੱਖਣਾ ਯਕੀਨੀ ਬਣਾਇਆ ਜਾਵੇ।

ਉਹਨਾਂ ਨੇ ਕਿਹਾ ਕਿ ਜਿਥੇ ਨਾਮਜ਼ਦਗੀ ਤੋਂ ਪਹਿਲਾਂ ਚੋਣ ਖਰਚਾ ਸਬੰਧਤ ਪਾਰਟੀ ਦੇ ਖਾਤੇ ਵਿੱਚ ਜੁੜੇਗਾ, ਉਥੇ ਨਾਮਜ਼ਦਗੀ ਦਾਖਲ ਕਰਨ ਉਪਰੰਤ ਖਰਚਾ ਉਮੀਦਵਾਰ ਦੇ ਖਾਤੇ ਵਿੱਚ ਜੋੜਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਉਮੀਦਵਾਰਾਂ ਦੇ ਖ਼ਰਚੇ ਲਈ ਇੱਕ ਵੱਖਰਾ ਖਾਤਾ ਖੁਲਵਾਇਆ ਜਾਵੇਗਾ। ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਸਟਾਰ ਪ੍ਰਚਾਰਕ ਦੇ ਦੌਰੇ, ਚੋਣ ਮੀਟਿੰਗਾਂ, ਰੈਲੀਆਂ, ਰੋਡ ਸ਼ੋਅ ਆਦਿ ਤੇ ਸਟੈਟਿਕ ਸਰਵੈਲੈਂਸ ਅਤੇ ਉਡਣ ਦਸਤਿਆਂ ਦੀਆਂ ਟੀਮਾਂ ਰਾਹੀਂ ਨਜ਼ਰ ਰੱਖੀ ਜਾਵੇਗੀ ਅਤੇ ਸਾਰਾ ਖ਼ਰਚਾ ਸ਼ੈਡੋ ਰਜਿਸਟਰ ‘ਚ ਦਰਜ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਵਲੋਂ ਪੇਡ ਨਿਊਜ਼ ਅਤੇ ਇਸ਼ਤਿਹਾਰਾਂ ਦਾ ਖਰਚਾ ਬੁੱਕ ਕੀਤਾ ਜਾਵੇਗਾ। 

ਜ਼ਿਲਾ ਚੋਣ ਅਫ਼ਸਰ ਈਸ਼ਾ ਕਾਲੀਆ ਨੇ ਕਿਹਾ ਕਿ ਲੋਕਸਭਾ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾਣਗੀਆਂ, ਇਸ ਲਈ ਸਹਾਇਕ ਰਿਟਰਨਿੰਗ ਅਫ਼ਸਰ ਅਤੇ ਹੋਰ ਵੱਖ-ਵੱਖ ਟੀਮਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇਨ-ਬਿਨ ਪਾਲਣਾ ਕਰਨੀ ਯਕੀਨੀ ਬਣਾਉਣ। ਉਹਨਾਂ ਨੇ ਟੀਮਾਂ ਨੂੰ ਆਪਸੀ ਤਾਲਮੇਲ ਨਾਲ ਲੋਕਸਭਾ ਚੋਣਾਂ ਦੀ ਸਮੁੱਚੀ ਪ੍ਰਕ੍ਰਿਆ ਪੂਰੇ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜਨ ਦੀ ਹਦਾਇਤ ਕਰਦਿਆਂ ਕਿਹਾ ਕਿ ਉਮੀਦਵਾਰਾਂ ਦੇ ਚੋਣ ਲੜਨ ਲਈ ਨਿਰਧਾਰਤ ਖ਼ਰਚੇ ‘ਤੇ ਪੂਰੀ ਨਿਗਰਾਨੀ ਰੱਖੀ ਜਾਵੇ। ਉਹਨਾਂ ਨੇ ਕਿਹਾ ਕਿ ਸਹਾਇਕ ਰਿਟਰਨਿੰਗ ਅਫ਼ਸਰ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਬੂਥਾਂ ਦੀ ਚੋਣ ਕਰਨ ਤੋਂ ਇਲਾਵਾ ਗਿਣਤੀ ਕੇਂਦਰਾਂ ਦੇ ਪੁਖਤਾ ਪ੍ਰਬੰਧ ਯਕੀਨੀ ਬਣਾਉਣ। ਉਹਨਾਂ ਨੇ ਜਿਥੇ ਜ਼ਿਲਾ ਪੁਲਿਸ ਨੂੰ ਨਸ਼ਿਆਂ ਖਿਲਾਫ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਕਿਹਾ, ਉਥੇ ਆਬਕਾਰੀ ਅਤੇ ਕਰ ਵਿਭਾਗ ਨੂੰ ਵੀ ਨਜਾਇਜ਼ ਸ਼ਰਾਬ ਫੜਨ ਸਬੰਧੀ ਗਤੀਵਿਧੀਆਂ ਹੋਰ ਤੇਜ਼ ਕਰਨ ਲਈ ਕਿਹਾ।  

ਈਸ਼ਾ ਕਾਲੀਆ ਨੇ ਕਿਹਾ ਕਿ ਜੇਕਰ ਕੋਈ ਨਗ਼ਦੀ ਅਤੇ ਸ਼ਰਾਬ ਆਦਿ ਫੜੀ ਜਾਂਦੀ ਹੈ ਤਾਂ ਟੀਮਾਂ ਤੁਰੰਤ ਆਪਣੇ ਸਬੰਧਤ ਏ.ਆਰ.ਓ ਨੂੰ ਰਿਪੋਰਟ ਕਰਨਗੀਆਂ ਤੇ ਨਗ਼ਦੀ ਫੜੇ ਜਾਣ ਦੀ ਸੂਰਤ ਵਿੱਚ ਆਮਦਨ ਕਰ ਵਿਭਾਗ ਇਸ ਦੀ ਜਾਂਚ ਕਰੇਗਾ। ਇਸ ਤੋਂ ਬਿਨਾਂ ਏ.ਈ.ਓਜ ਵੱਲੋਂ ਫੀਲਡ ਵਿੱਚ ਜਾ ਕੇ ਉਮੀਦਵਾਰਾਂ ਦੇ ਪ੍ਰਚਾਰ ਲਈ ਵਰਤੀ ਜਾ ਰਹੀ ਸਮੱਗਰੀ ਤੇ ਵੀ ਤਿੱਖੀ ਨਜ਼ਰ ਰੱਖੀ ਜਾਵੇਗੀ ਤੇ ਸਬੂਤ ਫੋਲਡਰ ਚ ਸਾਰੀ ਸਮੱਗਰੀ ਇਕੱਤਰ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਟੀਮਾਂ ਵਲੋਂ ਨਿਯਮਾਂ ਮੁਤਾਬਕ ਵਾਹਨਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਬੇਵਜਹ ਕਿਸੇ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਐਸ.ਐਸ.ਪੀ ਜੇ. ਏਲਨਚੇਲੀਅਨ ਨੇ ਮੀਟਿੰਗ ਦੌਰਾਨ ਜਿਥੇ ਹੁਣ ਤੱਕ ਫੜੇ ਨਸ਼ੀਲੇ ਪਦਾਰਥਾਂ ਬਾਰੇ ਜਾਣਕਾਰੀ ਦਿੱਤੀ, ਉਥੇ ਇਹ ਮੁਹਿੰਮ ਹੋਰ ਤੇਜ਼ ਕਰਨ ਦਾ ਭਰੋਸਾ ਵੀ ਦੁਆਇਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ)-ਵਧੀਕ ਜ਼ਿਲਾ ਚੋਣ ਅਫ਼ਸਰ ਤੋਂ ਇਲਾਵਾ 9 ਵਿਧਾਨਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫ਼ਸਰ, ਐਸ.ਪੀਜ਼ ਅਤੇ ਡੀ.ਐਸ.ਪੀ ਹਾਜ਼ਰ ਸਨ।

ਮੀਟਿੰਗ ਉਪਰੰਤ ਖਰਚਾ ਅਬਜ਼ਰਵਰ ਅਨਿਲ ਕੁਮਾਰ ਲੁਬਾਣਾ ਅਤੇ ਜ਼ਿਲਾ ਚੋਣ ਅਫ਼ਸਰ ਈਸ਼ਾ ਕਾਲੀਆ ਵਲੋਂ ਸਵੀਪ ਤਹਿਤ ਵੋਟਰ ਜਾਗਰੂਕਤਾ ਫੈਲਾਉਣ ਲਈ ਕੇਂਦਰੀ ਜੇਲ ਚੌਕ, ਹੁਸ਼ਿਆਰਪੁਰ ਵਿਖੇ ਕਰੀਬ ਡੇਢ ਸੌ ਫੁੱਟ ਉਚਾ ਗੁਬਾਰਾ ਲਹਿਰਾਇਆ ਗਿਆ, ਜੋ ਰਾਹਗੀਰਾਂ ਨੂੰ ਪ੍ਰੇਰਿਤ ਕਰਦਾ ਰਹੇਗਾ। ਇਹ ਗੁਬਾਰਾ ਐਸ.ਡੀ.ਐਮ-ਕਮ-ਸਹਾਇਕ ਰਿਟਰਨਿੰਗ ਅਫ਼ਸਰ ਹੁਸ਼ਿਆਰਪੁਰ ਅਮਿਤ ਸਰੀਨ ਦੀ ਪਹਿਲ ਕਦਮੀ ਸਦਕਾ ਸਵੀਪ ਤਹਿਤ ਕੀਤੀ ਗਈ ਇਹ ਨਿਵੇਕਲੀ ਪਹਿਲ ਹੈ, ਜਿਸਦੀ ਖਰਚਾ ਅਬਜ਼ਰਵਰ ਅਤੇ ਜ਼ਿਲਾ ਚੋਣ ਅਫ਼ਸਰ ਨੇ ਭਰਪੂਰ ਸ਼ਲਾਘਾ ਕੀਤੀ। 

LEAVE A REPLY

Please enter your comment!
Please enter your name here