ਕਿਸਾਨ ਖੇਤੀ ਸਮੱਗਰੀ ਖਰੀਦਣ ਉਪਰੰਤ ਦੁਕਾਨਦਾਰ ਤੋਂ ਬਿੱਲ ਜ਼ਰੂਰ ਲੈਣ: ਡਾ. ਅਮਰੀਕ

ਪਠਾਨਕੋਟ (ਦ ਸਟੈਲਰ ਨਿਊਜ਼)। ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਸੁਤੰਤਰ ਕੁਮਾਰੀ ਐਰੀ ਦੇ ਦਿਸਾ ਨਿਰਦੇਸ਼ਾਂ ਅਤੇ ਡਾ.ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਕਿਸਾਨਾਂ ਨੂੰ ਉੱਚ ਮਿਆਰੀ ਖੇਤੀ ਸਮੱਗਰੀ ਉਪਲੱਬਧ ਕਰਵਾਉਣ ਦੇ ਮਕਸਦ ਨਾਲ ਬਲਾਕ ਪਠਾਨਕੋਟ ਦੇ ਬੀਜ, ਕੀਟਨਾਸ਼ਕ ਅਤੇ ਖਾਦ ਵਿਕ੍ਰੇਤਾਵਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ ਤੇ ਖਾਦਾਂ ਦੇ ਨਮੂਨੇ ਵੀ ਭਰੇ ਗਏ। ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਡਾ. ਅਰਜੁਨ ਸਿੰਘ ਖੇਤੀਬਾੜੀ ਵਿਕਾਸ ਅਫਸਰ(ਪੌਦ ਸੁਰੱਖਿਆ), ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ, ਵਿਜੇ ਕੁਮਾਰ, ਜੀਵਨ ਲਾਲ ਦੇ ਆਧਾਰਤ ਵਿਸ਼ੇਸ਼ ਟੀਮ ਵੱਲੋਂ ਖੇਤੀ ਸਮੱਗਰੀ ਦੀ ਵਿਕਰੀ ਸੰਬੰਧੀ ਜ਼ਰੂਰੀ ਰਿਕਾਰਡ ਦੇ ਨਿਰੀਖਣ ਵੀ ਕੀਤਾ ਗਿਆ।

Advertisements

ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਪਿਛਲੇ ਬਲਾਕ ਪਠਾਨਕੋਟ ਵਿੱਚ ਸਮੂਹ ਡੀਲਰਾਂ ਕੋਲ ਜ਼ਰੂਰਤ ਅਨੁਸਾਰ ਖਾਦ ਅਤੇ ਨਦੀਨਨਾਸ਼ਕਾਂ ਦਾ ਸਟਾਕ ਉਪਲੱਬਧ ਹੈ ਅਤੇ ਕਿਸੇ ਕਿਸਮ ਦੀ ਕਿਸਾਨਾਂ ਨੂੰ ਮੁਸ਼ਕਲ ਪੇਸ਼ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਕਿਸਮ ਦੀ ਖੇਤੀ ਸਮੱਗਰੀ ਉਪਲੱਬਧ ਕਰਵਾਉਣ ਦੇ ਮਕਸਦ ਨਾਲ 15 ਬੀਜ ਅਤੇ 5 ਖਾਦਾਂ ਦੇ ਨਮੂਨੇ ਭਰੇ ਗਏ ਹਨ। ਉਹਨਾਂ ਕਿਹਾ ਕਿ ਝੋਨੇ ਦੀ ਲਵਾਈ 10 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ ਅਤੇ ਕੋਈ ਵੀ ਕਿਸਾਨ 10 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਨਾਂ ਕਰੇ। ਉਹਨਾਂ ਕਿਹਾ ਕਿ ਇਸ ਵਾਰ ਮਜ਼ਦੂਰਾਂ ਦੀ ਸੰਭਾਵਤ ਘਾਟ ਨੂੰ ਮੁੱਖ ਰੱਖਦਿਆਂ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਵੱਲ ਵਧੇਰੇ ਤਵੱਜੋਂ ਦਿੱਤੀ ਜਾ ਰਹੀ ਹੈ। ਉਹਨਾਂ ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਇੱਛੁੱਕ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਕੁਝ ਕੁ ਰਕਬੇ ਵਿੱਚ ਹੀ ਝੋਨੇ ਦੀ ਸਿੱਧੀ ਬਿਜਾਈ ਕਰਨ। ਉਹਨਾ ਦੱਸਿਆ ਕਿ ਇਹ ਨਵੀਂ ਤਕਨੀਕ ਹੋਣ ਕਾਰਨ ਤਕਨੀਕੀ ਨੁਕਤਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤਾਂ ਜੋ ਬਾਅਦ ਵਿੱਚ ਕਿਸੇ ਕਿਸਮ ਦੀ ਸਮੱਸਿਆ ਨਾਂ ਆਵੇ।

ਉਹਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ 15 ਜੂਨ ਤੱਕ ਅਤੇ ਬਾਸਮਤੀ ਦੀ ਸਿੱਧੀ ਬਿਜਾਈ 15 ਜੂਨ ਤੋਂ 30 ਜੂਨ ਤੱਕ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।ਉਨਾਂ ਕਿਹਾ ਕਿ ਝੋਨੇ ਦੀ ਫਸਲ ਨੂੰ ਡੀ ਏ ਪੀ ਖਾਦ ਨਾਂ ਪਾਈ ਜਾਵੇ ਕਿਉਂਕਿ ਕਣਕ ਦੀ ਫਸਲ ਨੂੰ ਪਾਈ ਡਾਇਆ ਖਾਦ ਦਾ ਬਹੁਤਾ ਹਿੱਸਾ ਝੋਨੇ ਦੀ ਫਸਲ ਦੇ ਕੰਮ ਆ ਜਾਂਦਾ ਹੈ।ਉਨਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ  ਕਿਸਾਨਾਂ ਨੂੰ ਉੱਚ ਮਿਆਰੀ ਖੇਤੀ ਸਮੱਗਰੀ ਉਪਲੱਬਧ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਖਾਦਾਂ, ਕੀਟਨਾਸ਼ਕ ਅਤੇ ਬੀਜ ਦੀ ਵਿਕਰੀ ਤੇ ਕਰੜੀ ਨਿਗਾਹ ਰੱਖੀ ਜਾ ਰਹੀ ਹੈ।ਉਨਾਂ ਦੱਸਿਆ ਕਿ ਸਮੂਹ ਕੀਟਨਾਸ਼ਕ ਅਤੇ ਖਾਦ ਵਿਕ੍ਰੇਤਾਵਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕਿਸਾਨਾਂ ਨੂੰ ਕਿਸੇ ਵੀ ਖੇਤੀ ਸਮੱਗਰੀ ਵੇਚਣ ਉਪਰੰਤ ਬਿੱਲ ਜ਼ਰੂਰ ਦਿੱਤਾ ਜਾਵੇ।

ਡਾ. ਅਮਰੀਕ ਸਿੰਘ ਨੇ ਖਾਦ ਵਿਕ੍ਰੇਤਾਵਾਂ ਨੂੰ ਸਖਤ ਤਾੜਨਾਂ ਕਰਦਿਆਂ ਕਿਹਾ ਕਿ ਜੋ ਖਾਦ, ਬੀਜ ਜਾਂ ਕੀਟਨਾਸ਼ਕ ਵਿਕ੍ਰੇਤਾ ਬਗੈਰ ਅਧਿਕਾਰਿਤ ਪੱਤਰ ਲਾਇਸੰਸ਼ ਵਿੱਚ ਦਰਜ (ਅਡੀਸ਼ਨ)  ਕਰਵਾਏ ਖੇਤੀ ਸਮੱਗਰੀ ਦੀ ਵਿਕਰੀ ਕਰਨਗੇ, ਉਨਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਲਾਇਸੰਸਧਾਰਕ ਦੁਕਾਨਦਾਰਾਂ ਤੋਂ ਹੀ ਖੇਤੀ ਸਮਗਰੀ ਦੀ ਖ੍ਰੀਦ ਕਰਨ ਅਤੇ ਖ੍ਰੀਦ ਕਰਨ ਉਪਰੰਤ ਬਿੱਲ ਜ਼ਰੂਰੁ ਲੈਣ ,ਜੇਕਰ ਕੋਈ ਦੁਕਾਨਦਾਰ ਬਿੱਲ ਨਹੀਂ ਦਿੰਦਾ ਤਾਂ ਲਿਖਤੀ ਰੂਪ ਵਿੱਚ ਸੰਬੰਧਤ ਖੇਤੀਬਾੜੀ ਦਫਤਰ ਵਿੱਚ ਸ਼ਿਕਾਇਤ ਕੀਤੀ ਜਾ ਸਕਦੀ ਹੈ।

LEAVE A REPLY

Please enter your comment!
Please enter your name here