ਲੁੱਟ ਦੀ ਵਾਰਦਾਤ ਕਰਨ ਵਾਲੇ 6 ਕਾਬੂ, ਐਸ.ਐਸ.ਪੀ. ਨੇ ਸੋਨੇ ਦੀਆਂ ਤਿੰਨ ਚੇਨਾ, ਬਾਲੀ ਤੇ ਮੋਬਾਇਲ ਸਬੰਧਤ ਲੋਕਾਂ ਨੂੰ ਕੀਤਾ ਸਪੁਰਦ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ: ਗੁਰਜੀਤ ਸੋਨੂੰ/ਜਤਿੰਦਰ ਪ੍ਰਿੰਸ।। ਜ਼ਿਲਾ ਪੁਲਿਸ ਨੇ ਲੁੱਟ-ਖੋਹ ਦੀਆਂ ਪੰਜ ਬਾਰਦਾਤਾਂ ਨੂੰ ਹੱਲ ਕਰਦਿਆਂ ਅੱਜ ਇਕ ਨਿਵੇਕਲੀ ਪਹਿਲ ‘ਚ ਖੁੱਟ-ਖੋਹ ਕੀਤੀਆਂ ਸੋਨੇ ਦੀਆਂ ਤਿੰਨ ਚੇਨੀਆਂ, ਬਾਲੀ ਅਤੇ ਇਕ ਮੋਬਾਇਲ ਫੋਨ ਸਬੰਧਤ ਲੋਕਾਂ ਦੇ ਸਪੁਰਦ ਕੀਤਾ।

Advertisements

ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਇਹ ਸਮਾਨ ਸਬੰਧਤ ਧਿਰਾਂ ਨੂੰ ਸੌਂਪਦਿਆਂ ਕਿਹਾ ਕਿ ਉਨਾਂ ਦੀਆਂ ਮੁੱਖ ਤਰਜ਼ੀਹਾਂ ‘ਚੋਂ ਇਕ ਹੁਸ਼ਿਆਰਪੁਰ ਨੂੰ ਸਨੇਚਿੰਗ ਦੀਆਂ ਵਾਰਦਾਤਾਂ ਤੋਂ ਮੁਕਤ ਕਰਨਾ ਹੈ, ਜਿਸ ਲਈ ਉਨਾਂ ਜਬਰਦਸਤ ਵਿਉਂਤਬੰਦੀ ਕਰਕੇ ਜ਼ਿਲੇ ਵਿੱਚ ਪੁਲਿਸ ਦੀ ਚੌਕਸੀ ਅਤੇ ਚੈਕਿੰਗ ਨੂੰ ਹੋਰ ਤੇਜ ਕਰ ਦਿੱਤਾ ਹੈ ਤਾਂ ਜੋ ਭੈੜੇ ਅਨਸਰਾਂ ਦਾ ਸ਼ਿਕੰਜਾ ਕੱਸਿਆ ਜਾ ਸਕੇ। ਐਸ.ਐਸ.ਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਅੱਜ ਸਬੰਧਤ ਲੋਕਾਂ ਨੂੰ ਉਨਾਂ ਦਾ ਸਾਮਾਨ ਸਪੁਰਦ ਕਰਨ ਦਾ ਮਕਸਦ ਆਮ ਲੋਕਾਂ ਵਿੱਚ ਭੈੜੇ ਅਨਸਰਾਂ ਖਿਲਾਫ ਹੌਂਸਲੇ ਨੂੰ ਹੋਰ ਮਜ਼ਬੂਤੀ ਦੇਣਾ ਹੈ।

ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਲੁੱਟ ਖੋਹ ਦੇ ਇਨਾਂ ਪੰਜ ਮਾਮਲਿਆਂ ਨੂੰ ਹੱਲ ਕਰਦਿਆਂ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨਾਂ ਦੀ ਸ਼ਨਾਖਤ ਗੁਰਜੀਤ ਸਿੰਘ ਵਾਸੀ ਸ਼ਾਮ ਚੁਰਾਸੀ, ਮਨਜੋਤ ਸਿੰਘ ਵਾਸੀ ਪਿੰਡ ਜੰਡੀ, ਹਰਪ੍ਰੀਤ ਸਿੰਘ ਤੇ ਅਮ੍ਰਿਤ ਸਿੰਘ ਦੋਵੇਂ ਵਾਸੀ ਚਲੂਪਰ, ਸਰਬਜੀਤ ਸਿੰਘ ਵਾਸੀ ਜੰਡੀ ਅਤੇ ਅਜੇ ਵਾਸੀ ਰੰਧਾਵਾ ਬਰੋਟਾ ਵਜੋਂ ਹੋਈ ਹੈ।

ਰਾਜ ਕੁਮਾਰੀ ਵਾਸੀ ਮੁਹੱਲਾ ਨਰਾਇਣਗੜ• ਤੋਂ ਖੋਹੀ ਗਈ ਬਾਲੀ ਸਪੁਰਦ ਕਰਨ ਵੇਲੇ ਪੀੜਤ ਧਿਰ ਨੇ ਦੱਸਿਆ ਕਿ 12 ਮਾਰਚ ਨੂੰ ਜਦੋਂ ਰਾਜ ਕੁਮਾਰੀ ਸੈਰ ਕਰ ਰਹੀ ਸੀ ਤਾਂ ਮੋਟਰਸਾਈਕਲ ‘ਤੇ ਆਏ ਦੋ ਵਿਅਕਤੀ ਉਸਦੀ ਬਾਲੀ ਖੋਹ ਕੇ ਫਰਾਰ ਹੋ ਗਏ। ਇਸੇ ਤਰਾਂ ਰਾਜ ਰਾਣੀ ਨੇ ਵਾਸੀ ਬਸੰਤ ਬਿਹਾਰ ਨੇ ਐਸ.ਐਸ.ਪੀ ਨੂੰ ਦੱਸਿਆ ਕਿ 15 ਜੂਨ ਨੂੰ ਉਹ ਦਵਾਈ ਲੈ ਕੇ ਪਰਤ ਰਹੀ ਸੀ ਤੇ ਜਦੋਂ ਉਹ ਆਪਣੇ ਘਰ ਨੇੜੇ ਪਹੁੰਚੀ ਤਾਂ ਮੋਟਰਸਾਈਕਲ ਤੇ ਆਏ ਦੋ ਵਿਅਕਤੀਆਂ ਨੇ ਉਸਦੀ ਸੋਨੇ ਦੀ ਚੇਨੀ ਝਪਟ ਲਈ ਤੇ ਫਰਾਰ ਹੋ ਗਏ। ਕੂਕਾਨੇਟ ਵਾਸੀ ਭੁਵਨੇਸ਼ਵਰੀ ਨੇ ਆਪਣਾ ਖੋਹਿਆ ਹੋਇਆ ਫੋਨ ਪ੍ਰਾਪਤ ਕਰਦਿਆਂ ਦੱਸਿਆ ਕਿ 21 ਅਗਸਤ ਨੂੰ ਆਪਣੇ ਘਰ ਸ਼ੰਕਰ ਨਗਰ ਨੂੰ ਜਾ ਰਹੀ ਸੀ ਤਾਂ ਮੋਟਰਸਾਈਕਲ ‘ਤੇ ਆਏ ਦੋ ਨੌਜਵਾਨ ਉਸਦਾ ਫੋਨ ਖੋਹ ਕੇ ਫਰਾਰ ਹੋ ਗਏ।

ਇਸੇ ਤਰਾਂ ਸੰਦੀਪ ਸ਼ਰਮਾ ਅੱਜੋਵਾਲ ਨੇ ਦੱਸਿਆ ਕਿ 7 ਅਗਸਤ ਨੂੰ ਸੁਖੀਆਬਾਦ ਵਿਖੇ ਉਸਦੀ ਭੈਣ ਸੁਮਨ ਲਤਾ ਤੋਂ ਤਿੰਨ ਨੌਜਵਾਨ ਸੋਨੇ ਦੀ ਚੇਨੀ ਝਪਟ ਕੇ ਫਰਾਰ ਹੋ ਗਏ ਸਨ। ਇਸੇ ਤਰਾਂ ਸੁਖਪ੍ਰੀਤ ਕੌਰ ਵਾਸੀ ਸੈਂਟਰਲ ਟਾਊਨ ਜੋ 18 ਅਗਸਤ ਨੂੰ ਆਪਣੀ ਦਾਦੀ ਸੱਸ ਸੁਖਵਿੰਦਰ ਕੌਰ ਨਾਲ ਬਾਜਾਰ ਜਾ ਰਹੀ ਸੀ ਤਾਂ ਕਮਾਲਪੁਰ ਚੌਂਕ ਨੇੜੇ ਪਿਛੋਂ ਆਏ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਝਪਟੇ ਨਾਲ ਉਸਦੀ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ ਸਨ। ਨਵਜੋਤ ਸਿੰਘ ਮਾਹਲ ਨੇ ਸਖਤ ਤਾੜਨਾ ਕਰਦਿਆਂ ਭੈੜੇ ਅਨਸਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਅਜਿਹੇ ਕਾਰਿਆਂ ਤੋਂ ਬਾਜ ਆ ਜਾਣ। ਉਨਾਂ ਦੱਸਿਆ ਕਿ ਜ਼ਿਲੇ ਵਿੱਚ ਲੁੱਟਾਂ-ਖੋਹਾਂ ਤੋਂ ਇਲਾਵਾ ਗੈਂਗਸਟਰਾਂ, ਰੇਤ ਮਾਫੀਆ ਅਤੇ ਨਸ਼ਿਆਂ ਦਾ ਕਿਸੇ ਵੀ ਕੀਮਤ ‘ਤੇ ਲਿਹਾਜ ਨਹੀਂ ਹੋਵੇਗਾ।

LEAVE A REPLY

Please enter your comment!
Please enter your name here