
ਜਲੰਧਰ (ਦ ਸਟੈਲਰ ਨਿਊਜ਼)। ਉਦਯੋਗਪਤੀਆਂ ਦੀ ਕਿਰਤ ਸ਼ਕਤੀ ਸਬੰਧੀ ਜ਼ਰੂਰਤਾਂ ਬਾਰੇ ਪ੍ਰਤੀਕਿਰਿਆ ਜਾਨਣ ਦੇ ਆਪਣੇ ਯਤਨਾਂ ਨੂੰ ਜਾਰੀ ਰੱਖਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਬੁੱਧਵਾਰ ਨੂੰ ਸ਼ਹਿਰ ਦੀਆਂ ਤਿੰਨ ਉਦਯੋਗਿਕ ਇਕਾਈਆਂ ਦਾ ਦੌਰਾ ਕੀਤਾ ਅਤੇ ਉਹਨਾਂ ਨਾਲ ਵਿਸਥਾਰ ਨਾਲ ਮੀਟਿੰਗ ਕੀਤੀ ਤਾਂ ਜੋ ਉਦਯੋਗਪਤੀਆਂ ਦੀਆਂ ਜ਼ਰੂਰਤਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ ਅਤੇ ਘਰ-ਘਰ ਰੋਜ਼ਗਾਰ ਮੁਹਿੰਮ ਅਧੀਨ ਸਥਾਨਕ ਨੌਜਵਾਨਾਂ ਲਈ ਰੋਜ਼ਗਾਰ ਮੌਕਿਆਂ ਨੂੰ ਯਕੀਨੀ ਬਣਾਇਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਬੁੱਧਵਾਰ ਨੂੰ ਨਿਵੀਆ ਸਪੋਰਟਸ, ਪ੍ਰਾਈਮ ਲੈਦਰ ਅਤੇ ਸਿੰਡੀਕੇਟ ਸਪੋਰਟਸ ਦੇ ਮਾਲਕਾਂ ਨਾਲ ਮੁਲਾਕਾਤ ਕੀਤੀ ਅਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਵਿੱਚ ਉਹਨਾਂ ਦੀ ਸਰਗਰਮ ਭਾਗੀਦਾਰੀ ਦੀ ਮੰਗ ਕੀਤੀ। ਉਹਨਾਂ ਨੇ ਉਦਯੋਗਪਤੀਆਂ ਦੀ ਲੋੜ ਅਨੁਸਾਰ ਨੂੰ ਹੁਨਰਮੰਦ ਕਿਰਤ ਸ਼ਕਤੀ ਪ੍ਰਦਾਨ ਕਰਨ ਲਈ ਉਹਨਾਂ ਦੇ ਸੁਝਾਅ ਵੀ ਮੰਗੇ।
ਉਹਨਾਂ ਸਨਅਤਕਾਰਾਂ ਨੂੰ ਲੋੜੀਂਦੇ ਹੁਨਰਮੰਦ ਕਾਮਿਆਂ ਦੀ ਗਿਣਤੀ ਸੰਬੰਧੀ ਅੰਕੜੇ ਮੁਹੱਈਆ ਕਰਵਾਉਣ ਤਾਂ ਜੋ ਪ੍ਰਸ਼ਾਸਨ ਉਸ ਅਨੁਸਾਰ ਕੰਮ ਕਰ ਸਕੇ। ਉਹਨਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਨਅਤਕਾਰਾਂ ਦੇ ਸਾਂਝੇ ਯਤਨ ਹਰ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਵਿੱਚ ਅਤੇ ਰਾਜ ਵਿਚੋਂ ਬੇਰੋਜ਼ਗਾਰੀ ਨੂੰ ਖਤਮ ਕਰਨ ਵਿੱਚ ਸਹਾਇਤ ਸਾਬਤ ਹੋ ਸਕਦੇ ਹਨ। ਥੋਰੀ ਨੇ ਕਿਹਾ ਕਿ ਇਸ ਨਾਲ ਨੌਜਵਾਨਾਂ ਅਤੇ ਉਦਯੋਗਪਤੀਆਂ ਨੂੰ ਦੋਵਾਂ ਲਾਭ ਹੋਵੇਗਾ ਕਿਉਂਕਿ ਨੌਜਵਾਨਾਂ ਨੂੰ ਚੰਗੀ ਨੌਕਰੀਆਂ ਮਿਲਣਗੀਆਂ ਜਦਕਿ ਉਦਯੋਗਪਤੀਆਂ ਨੂੰ ਹੁਨਰਮੰਦ ਕਿਰਤ ਮਿਲੇਗੀ।
ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਜਲੰਧਰ ਵਿੱਚ ਪਹਿਲਾਂ ਹੀ ਇੱਕ ਕੁਸ਼ਲ ਸਿਖਲਾਈ ਪ੍ਰੋਗਰਾਮ ਦਾ ਰੋਡ ਮੈਪ ਤਿਆਰ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਇਸ ਨਾਲ ਪ੍ਰਸ਼ਾਸਨ ਨੂੰ ਜਿਲੇ ਦੇ ਉਦਯੋਗਿਕ ਖੇਤਰ ਵਿਚ ਨੌਕਰੀਆਂ ਦੀਆਂ ਜ਼ਰੂਰਤਾਂ ਅਨੁਸਾਰ ਹੁਨਰ ਸਿਖਲਾਈ ਲਈ ਆਪਣੀਆਂ ਤਰਜੀਹਾਂ ਨੂੰ ਮੁੜ ਪ੍ਰਭਾਸ਼ਿਤ ਕਰ ਕੇ ਰਣਨੀਤੀ ਬਣਾਉਣ ਵਿਚ ਵੀ ਸਹਾਇਤਾ ਮਿਲੇਗੀ।
ਜਿਲੇ ਵਿੱਚ ਆਉਣ ਵਾਲੇ ਸਮੇਂ ਵਿੱਚ ਲੱਗਣ ਵਾਲੇ ਰੋਜ਼ਗਾਰ ਮੇਲਿਆਂ ਵਿੱਚ ਭਰਪੂਰ ਸਹਿਯੋਗ ਦੀ ਮੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਘਰ-ਘਰ ਰੋਜ਼ਗਾਰ ਮੁਹਿੰਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਰਾਜ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦਾ ਇੱਕ ਨਿਵੇਕਲਾ ਉੱਦਮ ਹੈ। ਇਸ ਦੌਰਾਨ ਉਹਨਾਂ ਇਹਨਾਂ ਉਦਯੋਗਾਂ ਵਿੱਚ ਨਿਰਮਾਣ ਇਕਾਈਆਂ ਦਾ ਵੀ ਦੌਰਾ ਵੀ ਕੀਤਾ।












