
ਚੰਡੀਗੜ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਸੁਤੰਤਰਤਾ ਸੈਨਾਨੀਆਂ ਦੇ ਸਾਰੇ ਯੋਗ ਵਾਰਸਾਂ ਨੂੰ ਮੁਫ਼ਤ ਸਫਰ ਸਹੂਲਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਕਤ ਜਾਣਕਾਰੀ ਪੰਜਾਬ ਦੇ ਸੁਤੰਤਰਤਾ ਸੈਨਾਨੀਆਂ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਵੱਲੋਂ ਦਿੱਤੀ ਗਈ ਸ਼੍ਰੀ ਸੋਨੀ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਦੀ ਭਲਾਈ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਕਈ ਅਹਿਮ ਫੈਸਲੇ ਸੁਤੰਤਰਤਾ ਸੈਨਾਨੀਆਂ ਅਤੇ ਉਹਨਾਂ ਦੇ ਯੋਗ ਵਾਰਸਾਂ ਦੀ ਭਲਾਈ ਹਿੱਤ ਕੀਤੇ ਗਏ ਹਨ।

ਉਹਨਾਂ ਦੱਸਿਆ ਕਿ ਨਵੇਂ ਫੈਸਲੇ ਅਨੁਸਾਰ ਸੁਤੰਤਰਤਾ ਸੈਨਾਨੀਆਂ ਨੂੰ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੀਆਂ ਸਾਧਾਰਨ/ਏ.ਸੀ. ਬੱਸਾਂ ਵਿੱਚ ਮਿਲਣ ਵਾਲੀ ਮੁਫ਼ਤ ਸਫਰ ਸਹਲਤ ਦਾ ਦਾਇਰਾ ਵਧਾਉਂਦੇ ਹੋਏ ਇਸ ਮੁਫ਼ਤ ਸਫਰ ਸਹੂਲਤ ਵਿੱਚ ਉਹਨਾਂ ਦੀਆਂ ਵਿਧਵਾਵਾਂ, ਅਣਵਿਆਹੀਆਂ ਅਤੇ ਬੇਰੁਜ਼ਗਾਰ ਲੜਕੀਆਂ ਸਮੇਤ ਸੁਤੰਤਰਤਾ ਸੈਨਾਨੀਆਂ ਦੇ ਤੀਸਰੀ ਪੀੜੀ ਤੱਕ ਦੇ ਸਾਰੇ ਯੋਗ ਵਾਰਸਾਂ ਲੜਕਾ/ਲੜਕੀ, ਪੋਤਾ/ਪੋਤੀ, ਦੋਹਤਾ/ਦੋਹਤੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸ਼੍ਰੀ ਸੋਨੀ ਨੇ ਦੱਸਿਆ ਕਿ ਇਸ ਸਬੰਧੀ ਸੁਤੰਤਰਤਾ ਸੈਨਾਨੀ ਵਿਭਾਗ ਵੱਲੋਂ ਸਬੰਧਤ ਵਿਭਾਗਾਂ ਨੂੰ ਹੁਕਮ ਵੀ ਜਾਰੀ ਕਰ ਦਿੱਤੇ ਹਨ।











