Wednesday, November 4, 2026
Home Hoshiarpur ਸੀਐਚਸੀ ਬੁਢਾਬੜ ਵਿੱਚ ਸਿਹਤ ਮੇਲੇ ਦਾ ਆਯੋਜਨ, 620 ਲੋਕਾਂ ਨੇ ਲਿਆ ਸੇਵਾਵਾਂ ਦਾ...

ਸੀਐਚਸੀ ਬੁਢਾਬੜ ਵਿੱਚ ਸਿਹਤ ਮੇਲੇ ਦਾ ਆਯੋਜਨ, 620 ਲੋਕਾਂ ਨੇ ਲਿਆ ਸੇਵਾਵਾਂ ਦਾ ਫਾਇਦਾ

ਹੁਸ਼ਿਆਰਪੁਰ/ਮੁਕੇਰੀਆਂ (ਦ ਸਟੈਲਰ ਨਿਊਜ਼): ਅਜ਼ਾਦੀ ਦੇ ਅਮ੍ਰਿਤ ਮਹੋਤਸਵ ਮੌਕੇ ਸਿਹਤ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਿਹਤ ਵਿਭਾਗ ਵਲੋਂ ਜ਼ਿਲ੍ਹਾ ਸਿਹਤ ਸੇਵਾਂਵਾਂ ਦੇ ਮੁੱਖੀ ਸਿਵਲ ਸਰਜਨ ਡਾ.ਪਰਮਿੰਦਰ ਕੌਰ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ.ਹਰਜੀਤ ਸਿੰਘ ਇੰਚਾਰਜ ਸੀਐਚਸੀ ਬੁਢਾਬੜ ਦੀ ਪ੍ਰਧਾਨਗੀ ਹੇਠ ਸਿਹਤ ਮੇਲੇ ਦਾ ਆਯੋਜਨ ਕੀਤਾ ਗਿਆ ।ਮੇਲੇ ਦਾ ਮਕਸਦ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ, ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣੂ ਕਰਵਾਉਣਾ ਅਤੇ ਸਿਹਤ ਜਾਂਚ ਕਰਨਾ ਸੀ। ਇਸ ਦੇ ਲਈ ਸੀਐਚਸੀ ਨੂੰ ਮੇਲਾ ਪੰਡਾਲ ਦਾ ਰੂਪ ਦਿੱਤਾ ਗਿਆ। ਲੋਕਾਂ ਦੀ ਸਿਹਤ ਜਾਂਚ ਲਈ ਮਾਹਿਰ ਡਾਕਟਰਾਂ ਦੀ ਟੀਮ ਮੌਜੂਦ ਸੀ ਤਾਂ ਜਾਗਰੂਕਤਾ ਲਈ ਵੱਖ-ਵੱਖ ਪ੍ਰਚਾਰ ਸਮੱਗਰੀ ਪ੍ਰਦਰਸ਼ਿਤ ਕੀਤੀ ਗਈ। ਮੇਲੇ ਦਾ ਉਦਘਾਟਨ ਬੀਜੇਪੀ ਦੇ ਐਮ.ਐਲ.ਏ.ਸ਼੍ਰੀ ਜੰਗੀ ਲਾਲ ਮਹਾਜਨ  ਹਲਕਾ ਮੁਕੇਰੀਆਂ ਅਤੇ  ਆਮ ਆਦਮੀ ਪਾਰਟੀ  ਮੁਕੇਰੀਆਂ   ਹਲਕਾ ਇੰਚਾਰਜ ਪ੍ਰੋਫੈਸਰ ਜੀ.ਐਸ  ਮੁਲਤਾਨੀ ਨੇ ਕੀਤਾ।

Advertisements

ਇਸ ਮੌਕੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਟੀਕਾਕਰਨ ਅਫਸਰ ਡਾ ਸੀਮਾ ਗਰਗ,ਜ਼ਿਲਾ ਸਿਹਤ ਤੇ ਪਰਿਵਾਰ ਭਲਾਈ ਅਫਸਰ ਡਾ ਸੁਨੀਲ ਅਹੀਰ,ਐਸਐਮਓ ਮੁਕੇਰੀਆਂ ਡਾ ਜੀ ਪੀ ਸਿੰਘ,ਮਾਨਸਿਕ ਰੋਗਾਂ ਦੇ ਮਾਹਰ ਡਾ ਸਤਬੀਰ ਸਿੰਘ ਮੁਕੇਰੀਆਂ, ਜ਼ਿਲਾ ਮਾਸ ਮੀਡੀਆ ਅਫਸਰ ਪ੍ਰਸ਼ੋਤਮ ਲਾਲ,ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਮੁਹੰਮਦ ਆਸਿਫ,ਮੁੱਖ ਫਾਰਮੇਸੀ ਅਫਸਰ ਪ੍ਰਦੀਪ ਕੁਮਾਰ ਬੀ ਸੀ ਸੀ ਮੀਡੀਆ ਅਮਨਦੀਪ ਸਿੰਘ ਅਤੇ ਬਲਾਕ  ਬਾਲ ਸੁਰੱਖਿਆ ਅਤੇ ਵਿਕਾਸ ਅਫ਼ਸਰ ਮੁਕੇਰੀਆਂ,ਬੁੱਢਾਬੜ ਸਰਪੰਚ ਰਤਨ ਚੰਦ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਮੇਲੇ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ. ਹਰਜੀਤ ਸਿੰਘ   ਨੇ ਕਿਹਾ ਕਿ ਕਈ ਲੋਕ ਆਪਣੀ ਸਿਹਤ ਪ੍ਰਤੀ ਸੁਚੇਤ ਨਹੀਂ ਹਨ। ਉਨ੍ਹਾਂ ਨੂੰ ਆਪਣੇ ਸਰੀਰ ਵਿੱਚ ਹੋ ਰਹੀਆਂ ਤਬਦੀਲੀਆਂ ਅਤੇ ਉਨ੍ਹਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੀ ਜਾਣਕਾਰੀ ਨਹੀਂ ਹੁੰਦੀ। ਇਸ ਲਈ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਅਜਿਹੇ ਪ੍ਰੋਗਰਾਮ ਕਰਵਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਕਰੇਗੀ ਅਤੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਸਹੂਲਤਾਂ ਮਿਲ ਸਕਣਗੀਆਂ।

ਡਾ ਸੁਨੀਲ ਅਹੀਰ  ਨੇ ਮੇਲੇ ਦਾ ਨਿਰੀਖਣ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਸਿਹਤ ਵਿਭਾਗ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਲੋਕਾਂ ਲਈ ਬਹੁਤ ਲਾਹੇਵੰਦ ਹੁੰਦੇ ਹਨ। ਕਿਉਂਕਿ ਉਹ ਬਿਨਾਂ ਕਿਸੇ ਫੀਸ ਦੇ ਸਾਰੇ ਡਾਕਟਰਾਂ ਦੀਆਂ ਸੇਵਾਵਾਂ ਇੱਕੋ ਥਾਂ ‘ਤੇ ਪ੍ਰਾਪਤ ਕਰਦੇ ਹਨ। ਸੀਨੀਅਰ ਮੈਡੀਕਲ ਅਫ਼ਸਰ ਡਾ.ਹਰਜੀਤ ਸਿੰਘ  ਨੇ ਐਮ ਐਲ ਏ ਹਲਕਾ ਮੁਕੇਰੀਆਂ ਜੰਗੀ ਲਾਲ ਮਹਾਜਨ ਅਤੇ ਆਮ ਆਦਮੀ ਪਾਰਟੀ ਇੰਚਾਰਜ ਮੁਕੇਰੀਆਂ ਪ੍ਰੋਫੈਸਰ ਮੁਲਤਾਨੀ  ਅਤੇ ਸਮੂਹ ਸਿਹਤ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਹਮੇਸ਼ਾ ਹੀ ਲੋਕਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ | ਵਿਭਾਗ ਦੀ ਕੋਸ਼ਿਸ਼ ਹੈ ਕਿ ਗਰੀਬ ਲੋਕਾਂ ਦਾ ਬਿਨਾਂ ਕੋਈ ਪੈਸਾ ਖਰਚ ਕੀਤੇ ਇਲਾਜ ਕੀਤਾ ਜਾਵੇ। ਇਹ ਮੇਲਾ ਵੀ ਇਸੇ ਯਤਨ ਦਾ ਹਿੱਸਾ ਹੈ।

ਬੀਈਈ ਰਿੰਪੀ ਨੇ ਦੱਸਿਆ ਕਿ ਮੇਲੇ ਵਿੱਚ ਸਾਰੀਆਂ ਸੇਵਾਵਾਂ ਮੁਫ਼ਤ ਦਿੱਤੀਆਂ ਗਈਆਂ।  ਇਸ ਦੌਰਾਨ ਤਕਰੀਬਨ  620 ਲੋਕਾਂ ਦੀ ਰਜਿਸਟ੍ਰੇਸ਼ਨ ਹੋਈ। ਮੇਲੇ ਵਿੱਚ ਦਿੱਤੀਆਂ ਗਈਆਂ ਸੇਵਾਵਾਂ ਵਿੱਚ ਮੈਡੀਸਨ, ਗਾਇਨੀਕੋਲੋਜੀ, ਸਕਿਨ, ਹੋਮਿਓਪੈਥੀ, ਆਯੁਰਵੈਦਿਕ, ਅੱਖਾਂ ਦੇ ਮਾਹਿਰ ਡਾਕਟਰ, ਖੂਨਦਾਨ ਕੈਂਪ, ਲੈਬ ਟੈਸਟ, ਪਰਿਵਾਰ ਨਿਯੋਜਨ ਸੇਵਾਵਾਂ, ਕੋਵਿਡ ਟੈਸਟ ਅਤੇ ਟੀਕਾਕਰਨ, ਟੀ.ਬੀ ਦੀ ਬਿਮਾਰੀ ਦਾ ਟੈਸਟ, ਟੈਲੀ ਕੰਸਲਟੇਸ਼ਨ ਕਮਿਊਨਿਟੀ ਹੈਲਥ ਅਫਸਰਾਂ ਦੁਆਰਾ,ਬੀਪੀ-ਸ਼ੂਗਰ ਟੈਸਟ ਆਦਿ ਸੇਵਾਵਾਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਮੇਲੇ ਦੌਰਾਨ ਬੀਮਾ ਯੋਜਨਾ ਦੇ ਕਾਰਡ ਅਤੇ ਹੈਲਥ ਆਈਡੀ ਕਾਰਡ ਵੀ ਬਣਾਏ ਗਏ। ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ ਗਿਆ, ਜਿਸ ਲਈ ਜਾਗਰੂਕਤਾ ਕਾਰਨਰ ਬਣਾਇਆ ਗਿਆ।ਮੇਲੇ ਵਿਚ  ਖੂਨਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ।

LEAVE A REPLY

Please enter your comment!
Please enter your name here