
ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਵੋਟ ਦੇ ਅਧਿਕਾਰ ਦੀ ਮਹੱਤਤਾ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ 25 ਜਨਵਰੀ ਨੂੰ ਮਨਾਏ ਜਾ ਰਹੇ ਰਾਸ਼ਟਰੀ ਵੋਟਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਡੀ.ਏ.ਵੀ ਕਾਲਜ ਹੁਸ਼ਿਆਰਪੁਰ ਦੇ ਆਡੀਟੋਰੀਅਮ ਵਿਖੇ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਸ ਸਬੰਧੀ ਕੀਤੀ ਗਈ ਮੀਟਿੰਗ ਦੌਰਾਨ ਇਹ ਜਾਣਕਾਰੀ ਦਿੰਦਿਆਂ ਤਹਿਸੀਲਦਾਰ (ਚੋਣਾਂ) ਹਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਜ਼ਿਲ੍ਹਾ ਪੱਧਰੀ ਸਮਾਗਮ ਤੋਂ ਇਲਾਵਾ ਜ਼ਿਲ੍ਹੇ ਵਿਚ ਬੂਥ ਪੱਧਰ ’ਤੇ ਵੀ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਖਾਸ ਕਰਕੇ ਨੌਜਵਾਨ ਵਰਗ ਨੂੰ ਵੋਟ ਦੀ ਮਹੱਤਵ ਸਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ਸਮੂਚੇ ਭਾਰਤ ਅੰਦਰ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਜਿਥੇ ਨਵੇਂ ਰਜਿਸਟਰਡ ਹੋਏ ਵੋਟਰਾਂ ਨੂੰ ਵੋਟਰ ਸ਼ਨਾਖਤੀ ਕਾਰਡ ਵੰਡੇ ਜਾਣਗੇ, ਉਥੇ ਜ਼ਿਲ੍ਹਾ ਪੱਧਰ ’ਤੇ ਕਰਵਾਏ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਚੋਣ ਹਲਕੇ ਵਿਚ ਨਿਯੁਕਤ ਇਕ ਸਰਬੋਤਮ ਚੋਣਕਾਰ ਰਜਿਸਟਰੇਸ਼ਨ ਅਫ਼ਸਰ (ਈ.ਆਰ.ਓ), ਕਾਲਜਾਂ ਵਿਚ ਨਿਯੁਕਤ ਇਕ ਸਰਬੋਤਮ ਨੋਡਲ ਅਫ਼ਸਰ ਅਤੇ ਇਕ ਸਰਬੋਤਮ ਬੀ.ਐਲ.ਓ ਦਾ ਵੀ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਹਾਜ਼ਰ ਸਮੂਹ ਵੋਟਰਾਂ ਦੇ ਬੈਜ ਲਗਾਏ ਜਾਣਗੇ ਅਤੇ ਵੋਟਰ ਪ੍ਰਣ ਦਿਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਮੌਕੇ ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਜਾਣ ਵਾਲੇ ‘ਮੈਂ ਭਾਰਤ ਹੂੰ’ ਗੀਤ ਅਤੇ ਸਵੀਪ ਪ੍ਰੋਗਰਾਮ ਨਾਲ ਸਬੰਧਤ ਵੀਡੀਓ ਵੀ ਪ੍ਰੋਜੈਕਟਰ ਰਾਹੀਂ ਦਿਖਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਵੋਟਰ ਜਾਗਰੂਕਤਾ ਸਬੰਧੀ ਵੱਖ-ਵੱਖ ਪੇਸ਼ਕਾਰੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਇਸ ਮੌਕੇ ਕਾਨੂੰਗੋ (ਚੋਣਾਂ) ਦੀਪਕ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਭਗਵੰਤ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਜ਼ਿਲ੍ਹਾ ਸਿਸਟਮ ਮੈਨੇਜਰ ਚਰਨਕੰਵਲ ਸਿੰਘ, ਪ੍ਰਿੰਸੀਪਲ ਲਲਿਤਾ ਅਰੋੜਾ, ਪ੍ਰਿੰਸੀਪਲ ਸ਼ੈਲੇਂਦਰ ਠਾਕੁਰ, ਅੰਕੁਰ ਸ਼ਰਮਾ, ਰਵਿੰਦਰ ਕੁਮਾਰ, ਪ੍ਰਦੀਪ ਕੁਮਾਰ, ਲੈਕਚਰਾਰ ਸਪਨਾ, ਆਰ. ਕੇ. ਖੰਨਾ ਅਤੇ ਹੋਰ ਹਾਜ਼ਰ ਸਨ।











