
ਮੱਧ-ਪ੍ਰਦੇਸ਼ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਮੱਧ-ਪ੍ਰਦੇਸ਼ ਦੇ ਸ਼ਹਿਡੋਲ ਜ਼ਿਲ੍ਹੇ ਤੋ ਇੱਕ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਾਰ ਇਨਸਾਨੀਅਤ ਸ਼ਰਮਸਾਰ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਇੱਕ ਅਖੋਤੀ ਬਾਬੇ ਨੇ ਇਲਾਜ ਦੇ ਨਾਮ ਤੇ 50 ਤੋ ਵੱਧ ਵਾਰ ਲੋਹੇ ਦੀ ਰਾਡ ਗਰਮ ਕਰ ਬੱਚੀ ਦੀ ਢਿੱਡ ਤੇ ਲਗਾਈ। ਜਿਸਤੋ ਬਾਅਦ ਢਾਈ ਸਾਲ ਦੀ ਬੱਚੀ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆ ਕੁਲੈਕਟਰ ਵੰਦਨਾ ਵੈਦ ਨੇ ਦੱਸਿਆ ਕਿ ਜਾਣਕਾਰੀ ਮਿਲਣ ਤੋ ਬਾਅਦ ਬੱਚੀ ਦੀ ਲਾਸ਼ ਨੂੰ ਕਬਰ ਵਿੱਚੋ ਕੱਢਿਆ ਗਿਆ ਅਤੇ ਉਸਦਾ ਪੋਸਟਮਾਰਟਮ ਕਰਵਾਇਆ ਗਿਆ।

ਆਦਿਵਾਸੀ ਬਹੁਲ ਜ਼ਿਲ੍ਹੇ ਦੇ ਸਿੰਘਪੁਰ ਥਾਣਾ ਖੇਤਰ ਦੇ ਕਠੌਤੀਆ ਦੀ ਰਹਿਣ ਵਾਲੀ ਬੱਚੀ ਦੀ ਮਾਂ ਨੇ ਦੱਸਿਆ ਕਿ ਉਸਦੇ ਪਰਿਵਾਰ ਵਾਲੇ ਪਹਿਲਾ ਬੱਚੀ ਨੂੰ ਇੱਕ ਬਾਬੇ ਕੋਲ ਲੈ ਕੇ ਗਏ ਪਰ ਬੱਚੀ ਦੀ ਸਹਿਤ ਵਿੱਚ ਸੁਧਾਰ ਨਹੀਂ ਆਇਆ ਅਤੇ ਜਿਸਤੋਂ ਬਾਅਦ ਇੱਕ ਔਰਤ ਨਾਲ ਸੰਪਰਕ ਕੀਤਾ ਅਤੇ ਜਿਸਨੇ ਬੱਚੀ ਦੇ ਇਲਾਜ ਲਈ ਉਸਦੇ ਢਿੱਡ ਤੇ 50 ਤੋ ਵੱਧ ਵਾਰ ਲੋਹੇ ਦੀ ਗਰਮ ਰਾਡ ਦਾਗੀ ਅਤੇ ਜਿਸਦੇ ਕਾਰਣ ਬੱਚੀ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ। ਉਸ ਉਪਰੰਤ ਬੱਚੀ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਜਿੱਥੇ ਬੱਚੀ ਦੀ ਮੌਤ ਹੋ ਗਈ। ਪੁਲਿਸ ਨੇ ਪਰਿਵਾਰ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

