
ਸੁਲਤਾਨਪੁਰ ਲੋਧੀ (ਦ ਸਟੈਲਰ ਨਿਊਜ਼), ਪਲਕ। ਬੀਤੇ ਦਿਨੀਂ ਗੋਇੰਦਵਾਲ ਪੁਲ ਤੋਂ ਬਿਆਸ ਦਰਿਆ ਵਿੱਚ ਛਾਲ ਮਾਰਨ ਵਾਲੇ ਦੋ ਸਕੇ ਭਰਾਵਾਂ ਮਾਨਵਦੀਪ ਢਿੱਲੋਂ ਅਤੇ ਜਸ਼ਨਬੀਰ ਸਿੰਘ ਢਿੱਲੋਂ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਜ਼ਿਲ੍ਹਾਂ ਜਲੰਧਰ ਦੇ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਕਥਿਤ ਤੌਰ ਤੇ ਕਸੂਰਵਾਲ ਠਹਿਰਾਏ ਜਾ ਰਹੇ ਐੱਸਐੱਚਓ ਨਵਦੀਪ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਇੱਕ ਧੋਖਾ ਹੈ। ਜਲੰਧਰ ਐਸਐਚਓ ਨਵਦੀਪ ਸਿੰਘ ਨੂੰ ਲਾਈਨ ਹਾਜ਼ਰ ਕਰਕੇ ਆਪਣੇ ਮੁਲਾਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਕਾਰਵਾਈ ਨੂੰ ਰੂਟੀਨ ਦੀ ਕਾਰਵਾਈ ਦੱਸਦਿਆਂ ਮਹਿਜ਼ ਇੱਕ ਟਰਾਂਸਫਰ ਕਹਿ ਕੇ ਸਾਡੇ ਜਖ਼ਮਾਂ ਤੇ ਲੂਣ ਛਿੜਕ ਰਹੀ ਹੈ।

ਉਨ੍ਹਾਂ ਕਿਹਾ ਕਿ ਹਾਲੇ ਤੱਕ ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਵੀ ਸਾਡੇ ਲੜਕਿਆਂ ਬਾਰੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਦੱਸੀ ਜਾ ਰਹੀ ਹੈ। ਪਤਾ ਨਹੀਂ ਉਹ ਹੁਣ ਇਸ ਦੁਨੀਆਂ ਵਿੱਚ ਵੀ ਹਨ ਜਾਂ ਨਹੀਂ। ਉਨ੍ਹਾਂ ਪੁਲਿਸ ਕਮਿਸ਼ਨਰ ਜਲੰਧਰ ਨੂੰ ਅਪੀਲ ਕੀਤੀ ਕਿ ਉਹ ਦੋਵਾਂ ਭਰਾਵਾਂ ਨੂੰ ਲੱਭਣ ਲਈ ਪੁਲਿਸ ਨੂੰ ਸਖਤ ਹੁਕਮ ਦੇਣ ਤੇ ਮਾਮਲੇ ਵਿੱਚ ਕਸੂਰਵਾਰ ਐਸਐਚਓ ਨਵਦੀਪ ਸਿੰਘ ਨੂੰ ਸਸਪੈਂਡ ਕਰਨ। ਦੋਵਾਂ ਭਰਾਵਾਂ ਦੇ ਪਿਤਾ ਜਤਿੰਦਰ ਢਿੱਲੋਂ ਨੇ ਕਿਹਾ ਕਿ ਮੈਂ ਕਾਫੀ ਦਿਨਾਂ ਤੋਂ ਇਸ ਮਾਮਲੇ ਵਿੱਚ ਚੁੱਪ ਰਿਹਾ ਕਿ ਪੁਲਿਸ ਸਾਨੂੰ ਇਨਸਾਫ ਦੇਵੇਗੀ ਪਰ ਜਦੋਂ ਇਹ ਦੇਖਿਆ ਕਿ ਪੁਲਿਸ ਤਾਂ ਆਪਣੇ ਅਧਿਕਾਰੀ ਨੂੰ ਹੀ ਨਿਰਦੋਸ਼ ਸਾਬਤ ਕਰਨ ਤੇ ਸਾਰਾ ਜ਼ੋਰ ਲਗਾ ਰਹੀ ਤਾਂ ਸਾਨੂੰ ਮੀਡੀਆ ਸਾਹਮਣੇ ਆਉਣਾ ਪਿਆ। ਉਨਾਂ ਕਿਹਾ ਕਿ ਜਦ ਤੱਕ ਮੇਰੇ ਬੇਟਿਆਂ ਦਾ ਕੋਈ ਅਤਾ-ਪਤਾ ਨਹੀਂ ਲੱਗਦਾ, ਤਦ ਤੱਕ ਪੁਲਿਸ ਨੂੰ ਐਸਐਚਓ ਨੂੰ ਸਸਪੈਂਡ ਕਰਨਾ ਚਾਹੀਦਾ ਹੈ ਤੇ ਉਸ ਖਿਲਾਫ ਜਾਂਚ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਖੁਦ ਹੀ ਉਸ ਨੂੰ ਕਲੀਨ ਚਿੱਟ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਮੈਂ ਹੁਣ ਚੁੱਪ ਨਹੀਂ ਬੈਂਠਾਂਗਾ ਅਤੇ ਇਸ ਮਾਮਲੇ ਵਿੱਚ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੂੰ ਮਿਲ ਕੇ ਇਨਸਾਫ ਦੀ ਮੰਗ ਕਰਾਂਗਾ। ਉਨ੍ਹਾਂ ਕਿਹਾ ਕਿ ਪੁਲਿਸ ਚਾਹੁੰਦੀ ਤਾਂ ਪਤੀ-ਪਤਨੀ ਦੇ ਘਰੇਲੂ ਝਗੜੇ ਨੂੰ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਸੁਲਝਾ ਸਕਦੀ ਸੀ ਪਰ ਪੁਲਿਸ ਨੇ ਸਾਡੇ ਹੀ ਲੜਕੇ ਖਿਲਾਫ਼ ਮਾਮਲਾ ਦਰਜ ਕਰ ਲਿਆ ਅਤੇ ਪੁਲਿਸ ਨੇ ਗਲਤ ਰਵੱਈਆ ਕੀਤਾ। ਇਸ ਮਾਮਲੇ ਵਿੱਚ ਡੀਐਸਪੀ ਬਬਨਦੀਪ ਸਿੰਘ ਲੁਬਾਣਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਦਰਜ ਕਰਨਾ ਜਲੰਧਰ ਪੁਲਿਸ ਦਾ ਬਣਦਾ ਹੈ, ਕਿਉਂਕਿ ਜਿੱਥੇ ਕ੍ਰਾਈਮ ਸ਼ੁਰੂ ਹੋਵੇ, ਉੱਥੇ ਹੀ ਮਾਮਲਾ ਦਰਜ ਕਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਉਨ੍ਹਾਂ ਦੋਵੇ ਭਰਾਵਾਂ ਨੇ ਗੁਆਚਿਆਂ ਸਬੰਧੀ ਇਸ਼ਤਿਹਾਰ ਵੀ ਜਾਰੀ ਕਰ ਦਿੱਤੇ ਗਏ ਹਨ ਅਤੇ ਪੁਲਿਸ ਵੀ ਉਨ੍ਹਾਂ ਨੂੰ ਲੱਭਣ ਦੀ ਪੂਰੀ ਤਰ੍ਹਾਂ ਜ਼ੋਰ ਲੱਗਾ ਰਹੀ ਹੈ।










