
ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਜਲੰਧਰ ਦੇ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਨੇ ਦੀਵਾਲੀ, ਦੁਸ਼ਹਿਰਾ, ਗੁਰਪੂਰਬ, ਕ੍ਰਿਸਮਿਸ ਅਤੇ ਨਵੇ ਸਾਲ ਦੇ ਮੌਕੇ ਤੇ ਪਟਾਕੇ ਚਲਾਉਣ ਦਾ ਸਮਾ ਤੈਅ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮ ਜਾਰੀ ਕੀਤੇ ਹਨ ਕਿ ਜਲੰਧਰ ਵਿੱਚ ਕਿਸੇ ਵੀ ਅਧਿਕਾਰਤ ਵਿਅਕਤੀ ਤੋਂ ਇਲਾਵਾ ਕੋਈ ਵੀ ਵਿਅਕਤੀ ਦੁਸ਼ਹਿਰਾ, ਦੀਵਾਲੀ ਅਤੇ ਗੁਰਪੂਰਬ ਮੌਕੇ ਤੇ ਆਮ ਤੌਰ ਤੇ ਵਰਤੇ ਜਾਂਦੇ ਪਟਾਕੇ ਜਾਂ ਹੋਰ ਵਿਸਫੋਟਕ ਸਮੱਗਰੀ ਨੂੰ ਸਟੋਰਜ, ਪ੍ਰਦਰਸ਼ਨ ਜਾ ਵੇਚ ਨਹੀ ਸਕੇਗਾ।

ਜਾਰੀ ਹੁਕਮਾਂ ਅਨੁਸਾਰ ਦੁਸ਼ਹਿਰੇ ਮੌਕੇ ਤੇ ਸ਼ਾਮ 6 ਵਜੇ ਤੋ ਲੈ ਕੇ 7 ਵਜੇ ਤੱਕ, ਦੀਵਾਲੀ ਮੌਕੇ ਸ਼ਾਮ 8 ਵਜੇ ਤੋ ਲੈ ਕੇ ਰਾਤ 10 ਵਜੇ ਤੱਕ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦੇ ਮੌਕੇ ਸਵੇਰੇ 4 ਤੋਂ ਲੈ ਕੇ 5 ਵਜੇ ਤੱਕ ਅਤੇ ਰਾਤ 9 ਤੋਂ ਲੈ ਕੇ 10 ਵਜੇ ਤੱਕ, ਕ੍ਰਿਸਮਿਸ ਅਤੇ ਨਵੇ ਸਾਲ ਦੀ ਰਾਤ ਵੇਲੇ 11:55 ਤੋਂ ਲੈ ਕੇ 12:30 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ।
ਅਤੇ ਇਹਨਾਂ ਹੁਕਮਾਂ ਦੀ ਪਾਲਣਾ ਐੱਸਡੀਐੱਮ ਕਾਰਜਕਾਰੀ ਮੈਜਿਸਟਰੇਟ ਅਤੇ ਪੁਲਸ ਵਿਭਾਗ ਵੱਲੋ ਯਕੀਨੀ ਬਣਾਈ ਜਾਵੇ ਅਤੇ ਦੁਸ਼ਹਿਰੇ ਦੇ ਮੌਕੇ ਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰੇਲਵੇ ਫਾਟਕਾਂ ਦੇ ਆਲੇ-ਦੁਆਲੇ ਭੀੜ ਇੱਕਠੀ ਨਾ ਹੋਣ ਦਿੱਤੀ ਜਾਵੇ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਇਸ ਲਈ ਸਬੰਧਤ ਇਲਾਕੇ ਦੇ ਡੀਐੱਸਪੀ ਇਸਦੇ ਨਾਲ ਹੀ ਸਟੇਸ਼ਨ ਇੰਚਾਰਜ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪੂਰੀ ਨਿਗਰਾਨੀ ਰੱਖਣ ਅਤੇ ਇਹਨਾਂ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਨ।












