
ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਕਾਊਂਟਰ ਇੰਟੈਲੀਜੈਂਸ ਅਤੇ ਜ਼ਿਲ੍ਹਾ ਪੁਲਿਸ ਟੀਮ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਿਸ ਨੇ ਪੰਜਾਬ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੀ ਨੰਗਲ ਇਕਾਈ ਦੇ ਪ੍ਰਧਾਨ ਵਿਕਾਸ ਬੱਗਾ ਦਾ ਗੋਲੀ ਮਾਰ ਕੇ ਕਤਲ ਕਰਨ ਵਾਲੇ ਕਾਤਲਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਹਿਚਾਣ ਮੁਕੁਲ ਮਿਸ਼ਰਾ ਵਜੋਂ ਹੋਈ ਹੈ। ਟੀਮ ਨੇ ਮੁਕੁਲ ਮਿਸ਼ਰਾ ਨੂੰ ਟਰਾਂਸਪੋਰਟ ਨਗਰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਹੈ। ਸੂਤਰਾਂ ਮੁਤਾਬਕ ਪੁਲਿਸ ਅਜੇ ਵੀ ਧਮੇਂਦਰ ਨਾਂ ਦੇ ਵਿਅਕਤੀ ਦੀ ਭਾਲ ਕਰ ਰਹੀ ਹੈ।

ਮੁਲਜ਼ਮ ਮੁਕੁਲ ਮਿਸ਼ਰਾ ਲੰਬੇ ਸਮੇਂ ਤੋਂ ਉੱਤਰ ਪ੍ਰਦੇਸ਼ ਵਿੱਚ ਵੀ ਲੋੜੀਂਦਾ ਸੀ। ਪੰਜਾਬ ਅਤੇ ਜੰਮੂ-ਕਸ਼ਮੀਰ ਦੀਆਂ ਪੁਲਿਸ ਟੀਮਾਂ ਦੀ ਸਾਂਝੀ ਛਾਪੇਮਾਰੀ ਤੋਂ ਬਾਅਦ ਹੀ ਪੁਲਿਸ ਮੁਕੁਲ ਮਿਸ਼ਰਾ ਤੱਕ ਪਹੁੰਚ ਸਕੀ। ਮਿਲੀ ਜਾਣਕਾਰੀ ਮੁਤਾਬਕ 13 ਅਪ੍ਰੈਲ ਨੂੰ ਵਿਕਾਸ ਬੱਗਾ ਰੇਲਵੇ ਰੋਡ ਤੇ ਸਥਿਤ ਆਪਣੀ ਦੁਕਾਨ ਤੇ ਬੈਠਾ ਸੀ ਇਸੇ ਦੌਰਾਨ ਦੋ ਨੌਜਵਾਨ ਆਏ ਅਤੇ ਉਨ੍ਹਾਂ ਦੇ ਸਿਰ ਚ ਗੋਲੀਆਂ ਮਾਰ ਦਿੱਤੀਆਂ। ਜਿਸ ਕਰਾਨ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਜਾਂਚ ਦੌਰਾਨ ਸੀਸੀਟੀਵੀ ਵਿੱਚ ਦੇਖਿਆ ਗਿਆ ਸੀ ਕਿ 2 ਨੌਜਵਾਨ ਬਿਨਾਂ ਨੰਬਰ ਪਲੇਟ ਦੇ ਸਕੂਟਰ ਤੇ ਆਏ। ਇੱਕ ਨੇ ਹੈਲਮੇਟ ਪਾਇਆ ਹੋਇਆ ਸੀ ਅਤੇ ਦੂਜੇ ਨੇ ਆਪਣਾ ਚਿਹਰਾ ਢੱਕਿਆ ਹੋਇਆ ਸੀ। ਫਿਲਹਾਲ ਜਾਂਚ ਜਾਰੀ ਹੈ।












