
ਫਾਜ਼ਿਲਕਾ (ਦ ਸਟੈਲਰ ਨਿਊਜ਼)। ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਅਤੇ ਸਿਵਲ ਸਰਜਨ ਡਾਕਟਰ ਚੰਦਰ ਸ਼ੇਖਰ ਕੱਕੜ ਦੀ ਅਗਵਾਈ ਹੇਠ 0 ਤੋਂ 5 ਸਾਲ ਤੋਂ ਛੋਟੇ ਬੱਚੇ ਅਤੇ ਗਰਭਵਤੀ ਔਰਤਾਂ ਦੇ ਵਿੱਚ ਟੀਕਾਕਰਨ ਚ ਰਹਿ ਗਏ ਪਾੜੇ ਨੂੰ ਪੂਰਨ ਲਈ 25 ਨਵੰਬਰ ਤੋਂ 30 ਨਵੰਬਰ ਤੱਕ ਵਿਸੇਸ ਟੀਕਾਕਰਨ ਮੁਹਿੰਮ ਸੁਰੂ ਕੀਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਫਾਜ਼ਿਲਕਾ ਡਾਕਟਰ ਚੰਦਰ ਸ਼ੇਖਰ ਨੇ ਦੱਸਿਆ ਕਿ ਇਸ ਦਾ ਮੁੱਖ ਮੰਤਵ 0 ਤੋਂ 5 ਸਾਲ ਉਮਰ ਦੇ ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਮੁਕੰਮਲ ਟੀਕਾਕਰਨ ਕਰਨਾ ਹੈ ਤਾਂ ਜੋ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਮੌਤ ਦਰ ਅਤੇ ਬਹਤ ਸਾਰੀਆਂ ਮਾਰੂ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਕਾਰਜਕਾਰੀ ਜਿਲ੍ਹਾ ਟੀਕਾਕਰਨ ਅਫਸਰ ਡਾ. ਰਿੰਕੂ ਚਾਵਲਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜਿਲ੍ਹਾ ਫਾਜ਼ਿਲਕਾ ਝੁੱਗੀ, ਭੱਠੇ, ਸਲਮ ਖੇਤਰ ਵਿਖੇ ਟੀਕਾਕਰਨ ਸੈਸ਼ਨ ਕੀਤਾ ਜਾਵੇਗਾ।

ਜਿਹੜੇ ਬੱਚੇ ਅਤੇ ਗਰਭਵਤੀ ਔਰਤਾਂ ਸਲੱਮ ਏਰੀਆ, ਭੱਠੇ, ਸੈਲਰ, ਜੇਲ੍ਹਾਂ, ਝੁੱਗੀ-ਝੋਪੜੀ, ਖੇਤਾਂ ਚ ਪ੍ਰਵਾਸੀ ਅਤੇ ਪੋਲਟਰੀ ਫਾਰਮ ਆਦਿ ਰਹਿ ਰਹੇ ਹਨ ਜੋ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇਰਹਿ ਗਏ ਜਾਂ ਅਧੂਰਾ ਟੀਕਾਕਰਨ ਹੋਇਆ ਹੈ ।ਉਨ੍ਹਾਂ ਲਈ ਸਿਹਤ ਕਰਮਚਾਰੀਆਂ ਵੱਲੋਂ ਸਪੈਸਲ ਕੈਂਪ ਲਗਾ ਕੇ 100 ਪ੍ਰਤੀਸਤ ਟੀਕਾਕਰਨ ਕੀਤਾ ਜਾਵੇਗਾ। ਉਹਨਾਂ ਨੇ ਦੱਸਿਆ ਕਿ ਮੁਕੰਮਲ ਟੀਕਾਕਰਨ ਨਾਲ ਬੱਚਿਆਂ ਨੂੰ ਬਹਤ ਸਾਰੀਆਂ ਮਾਰੂ ਬਿਮਾਰੀਆਂ ਜਿਵੇਂ ਹੈਪੇਟਾਇਟਸ (ਪੀਲੀਆ), ਪੋਲੀਓ, ਤਪਦਿਕ, ਅੰਧਰਾਤਾ, ਗਲਘੋਟੂ, ਕਾਲੀ ਖੰਘ, ਟੈਟਨਸ, ਨਮੂਨੀਆ, ਦਿਮਾਗੀ ਬੁਖਾਰ, ਦਸਤ, ਖਸਰਾ ਤੇ ਰੁਬੇਲਾ ਆਦਿ ਤੋਂ ਬਚਾਇਆ ਜਾ ਸਕਦਾ ਹੈ।ਜਿਲ੍ਹਾ ਫਾਜ਼ਿਲਕਾ ਨਿਵਾਸੀਆਂ ਨੂੰ ਸਿਹਤ ਵਿਭਾਗ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਪੰਜ ਸਾਲ ਤੋਂ ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਪੂਰਾ ਟੀਕਾਕਰਨ ਕਰਵਾਇਆ ਜਾਵੇ ਤਾਂ ਜੋ ਇਹਨਾਂ ਨੂੰ ਮੁਕੰਮਲ ਟੀਕਾਕਰਨ ਕਰਕੇ ਮਾਰੂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।ਇਸ ਦੋਰਾਨ ਦਿਵੇਸ਼ ਕੁਮਾਰ ਮਾਸ ਮੀਡੀਆ ਅਤੇ ਸੁਖਦੇਵ ਸਿੰਘ ਹਾਜਰ ਸੀ।












