
ਮਾਲੇਰਕੋਟਲਾ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਮਲੇਰਕੋਟਲਾ ਡਾ.ਪੱਲਵੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਾੜ੍ਹੀ ਸੀਜ਼ਨ 2025 ਦੌਰਾਨ ਵਰਤੀਆਂ ਜਾਣ ਵਾਲੀਆਂ ਖਾਦਾਂ ਦੀ ਵੰਡ ਸਬੰਧੀ ਮੁੱਖ ਖੇਤੀਬਾੜੀ ਅਫਸਰ ਡਾ. ਹਰਬੰਸ ਸਿੰਘ ਵੱਲੋਂ ਜ਼ਿਲ੍ਹਾ ਮਲੇਰਕੋਟਲਾ ਦੇ ਖਾਦਾਂ ਦੇ ਹੋਲਸੇਲ, ਖੁਦਰਾ ਵਪਾਰੀਆਂ/ਡੀਲਰਾਂ ਨਾਲ ਦਫ਼ਤਰ ਮੁੱਖ ਖੇਤੀਬਾੜੀ ਅਫਸਰ ਸੰਗਰੂਰ ਵਿਖੇ ਵਿਸ਼ੇਸ ਮੀਟਿੰਗ ਕੀਤੀ। ਇਸ ਮੌਕੇ ਖਾਦ ਵਿਕ੍ਰੇਤਾਵਾਂ ਤੋਂ ਇਲਾਵਾ ਖੇਤੀਬਾੜੀ ਵਿਕਾਸ ਅਫਸਰ (ਇੰਨਫੋਰਸਮੈਂਟ) ਡਾ.ਸਵਿੰਦਰਜੀਤ ਸਿੰਘ ਵੀ ਮੌਜੂਦ ਸਨ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਕਣਕ ਦੀ ਫਸਲ ਲਈ ਖਾਦ ਖਾਸ ਕਰਕੇ ਯੂਰੀਆ ਖਾਦ ਦੀ ਕਿਸੇ ਕਿਸਮ ਦੀ ਘਾਟ ਨਹੀਂ ਹੈ ਅਤੇ ਜ਼ਿਲ੍ਹੇ ਵਿੱਚ ਯੂਰੀਆ ਖਾਦ ਦੀ ਸਪਲਾਈ ਮੰਗ ਅਨੁਸਾਰ ਨਿਰੰਤਰ ਜਾਰੀ ਹੈ। ਇਸ ਸਬੰਧ ਵਿੱਚ ਉਨ੍ਹਾਂ ਨੇ ਜ਼ਿਲ੍ਹਾ ਮਲੇਰਕੋਟਲਾ ਦੇ ਸਮੂਹ ਖਾਦ ਵਿਕਰੇਤਾਵਾਂ ਨੂੰ ਸਖਤ ਹਦਾਇਤ ਦਿੰਦੇ ਹੋਏ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਲੋੜ ਅਨੁਸਾਰ ਖਾਦ ਦੀ ਵਿੱਕਰੀ ਯਕੀਨੀ ਬਣਾਉਣ ਅਤੇ ਖਾਦ ਕੰਟਰੋਲ ਆਰਡਰ 1985 ਮੁਤਾਬਕ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਏ ਆਪਣੀ ਖਾਦ ਦੀ ਵਿੱਕਰੀ ਸਬੰਧੀ ਸੇਲ ਸਟਾਕ ਬੋਰਡ ਭਰ ਕੇ ਰੱਖਣ ਅਤੇ ਨਿਰਧਾਰਤ ਕੀਮਤ ਤੇ ਹੀ ਬਿਨਾਂ ਕਿਸੇ ਟੈਗਿੰਗ ਦੇ ਕਿਸਾਨਾਂ ਨੂੰ ਵੇਚਣ।ਉਹਨਾਂ ਕਿਹਾ ਕਿ ਜੇਕਰ ਕੋਈ ਵੀ ਖਾਦ ਵਿਕ੍ਰੇਤਾ ਟੈਗਿੰਗ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਖਾਦ ਦੀ ਖਰੀਦ ਸਮੇਂ ਕਿਸੇ ਕਿਸਮ ਦੀ ਮੁਸ਼ਕਿਲ ਆਉਂਦੀ ਹੈ ਤਾਂ ਉਹ ਆਪਣੇ ਬਲਾਕ ਨਾਲ ਸਬੰਧਤ ਖੇਤੀਬਾੜੀ ਵਿਕਾਸ ਅਫਸਰ ਦੇ ਧਿਆਨ ਵਿੱਚ ਲਿਆਉਣ।ਉਨ੍ਹਾਂ ਦੱਸਿਆ ਕਿ ਬਲਾਕ ਮਲੇਰਕੋਟਲਾ ਨਾਲ ਕਿਸਾਨ ਖਾਦ ਨਾਲ ਸਬੰਧਤ ਕਿਸੇ ਕਿਸਮ ਦੀ ਸਮੱਸਿਆ ਦੀ ਸੂਰਤ ਵਿੱਚ ਖੇਤੀਬਾੜੀ ਅਫਸਰ ਡਾ. ਕੁਲਬੀਰ ਸਿੰਘ (94657-93090), ਖੇਤੀਬਾੜੀ ਵਿਕਾਸ ਅਫਸਰ ਡਾ. ਕੁਲਦੀਪ ਕੌਰ(95925-62458) ਅਤੇ ਬਲਾਕ ਅਹਿਮਦਗੜ੍ਹ ਨਾਲ ਸਬੰਧਤ ਕਿਸਾਨ ਖੇਤੀਬਾੜੀ ਵਿਕਾਸ ਅਫਸਰ, ਅਹਿਮਦਗੜ੍ਹ ਡਾ. ਰਾਕੇਸ਼ ਕੁਮਾਰ (95014-38196) ਨਾਲ ਸੰਪਰਕ ਕਰਨ ਤਾਂ ਜੋ ਖਾਦਾਂ ਦੀ ਸਹੀ ਤਰੀਕੇ ਨਾਲ ਕਿਸਾਨਾਂ ਨੂੰ ਵੰਡ ਕੀਤੀ ਜਾ ਸਕੇ ਅਤੇ ਇਸ ਨਾਲ ਬੇਲੋੜੀਆਂ ਖੇਤੀ ਵਸਤਾਂ ਦੀ ਟੈਗਿੰਗ ਅਤੇ ਖਾਦਾਂ ਦੀ ਵੱਧ ਰੇਟ ਉੱਤੇ ਵਿੱਕਰੀ ਨੂੰ ਰੋਕਿਆ ਜਾ ਸਕੇ।












