
ਕਪੂਰਥਲਾ (ਦ ਸਟੈਲਰ ਨਿਊਜ਼)। ਕਪੂਰਥਲਾ ਦੇ ਪਿੰਡ ਬੇਰੋਵਾਲ ਨਜ਼ਦੀਕ ਬਿਆਸ ਦਰਿਆ ਵਿੱਚ ਨਹਾਉਣ ਗਏ 4 ਨੌਜਵਾਨਾਂ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ 2 ਨੌਜ਼ਵਾਨਾਂ ਦੀ ਮੌਤ ਹੋ ਗਈ ਤੇ 2 ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਹਿਚਾਣ ਅਰਸ਼ਦੀਪ ਸਿੰਘ ਅਤੇ ਜਸਪਾਲ ਸਿੰਘ ਵਾਸੀ ਪਿੰਡ ਪੀਰੇਵਾਲ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਸੌਰਭ ਤੇ ਕਰਨ ਨੇ ਦੱਸਿਆ ਕਿ ‘ਵਿਸਾਖੀ ਵਾਲੇ ਦਿਨ 7 ਦੋਸਤ ਬਿਆਸ ਦਰਿਆ ਵਿੱਚ ਨਹਾਉਣ ਗਏ ਸਨ ਤੇ ਇਸ ਦੌਰਾਨ ਅਚਾਨਕ ਉਨਾਂ ਦੇ ਇੱਕ ਸਾਥੀ ਅਰਸ਼ਦੀਪ ਦਾ ਪੈਰ ਡੂੰਘੇ ਪਾਣੀ ਵਿੱਚ ਫਸ ਗਿਆ ਤੇ ਉਸਨੂੰ ਬਚਾਉਦੇ ਬਚਾਉਦੇ ਉਸਦਾ ਦੂਸਰਾ ਸਾਥੀ ਗੁਰਪ੍ਰੀਤ ਵੀ ਡੂੰਘੇ ਪਾਣੀ ਵਿੱਚ ਡੁੱਬ ਗਿਆ।

ਜਿਸ ਤੋਂ ਬਾਅਦ ਵਿਸ਼ਾਲ ਤੇ ਜਸਪਾਲ ਵੀ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਵੀ ਡੂੰਘੇ ਪਾਣੀ ਵਿੱਚ ਡੁੱਬ ਗਏ। ਦੇਖਦੇ ਹੀ ਦੇਖਦੇ ਚਾਰੇ ਨੌਜ਼ਵਾਨ ਪਾਣੀ ਵਿੱਚ ਡੁੱਬ ਗਏ। ਉਨ੍ਹਾਂ ਨੇ ਦੱਸਿਆ ਕਿ ਡੁੱਬਣ ਵਾਲਿਆਂ ਵਿੱਚੋਂ ਕਿਸੇ ਨੂੰ ਵੀ ਤੈਰਨਾ ਨਹੀਂ ਆਉਂਦਾ ਸੀ। ਉਹਨਾਂ ਨੇ ਘਟਨਾ ਦੀ ਸੂਚਨਾ ਆਸਪਾਸ ਦੇ ਲੋਕਾਂ ਤੇ ਪੁਲਿਸ ਨੂੰ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਗੋਤਾਖੋਰਾਂ ਦੀ ਮੱਦਦ ਨਾਲ 2 ਨੌਜ਼ਵਾਨਾਂ ਦੀ ਲਾਸ਼ ਨੂੰ ਬਰਾਮਦ ਕਰ ਲਿਆ ਹੈ ਤੇ ਬਾਕੀ 2 ਦੀ ਭਾਲ ਸ਼ੁਰੂ ਕਰ ਦਿੱਤੀ ਹੈ।












