Wednesday, October 21, 2026
Home Latest ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਐਸ.ਪੀ.(ਡੀ) ਦੀ ਨਿਗਰਾਨੀ ‘ਚ ਚੱਲੀ ਸਰਚ

‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਐਸ.ਪੀ.(ਡੀ) ਦੀ ਨਿਗਰਾਨੀ ‘ਚ ਚੱਲੀ ਸਰਚ

ਮਾਲੇਰਕੋਟਲਾ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਇੱਕ ਮਾਰਚ ਤੋਂ ਸ਼ੁਰੂ ਕੀਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਜ਼ਿਲੇ ਵਿੱਚ ਐਸ.ਐਸ.ਪੀ. ਗਗਨ ਅਜੀਤ ਸਿੰਘ ਦੀ ਨਿਗਰਾਨੀ ਅਤੇ ਐਸ.ਪੀ (ਡੀ) ਸਤਪਾਲ ਸ਼ਰਮਾ ਦੀ ਅਗਵਾਈ ਵਿਚ ਕਾਸੋ ਆਪ੍ਰੇਸ਼ਨ ਚਲਾਇਆ ਗਿਆ ਜਿਸ ਦੌਰਾਨ ਕਰੀਬ 100 ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਨੇ ਕਈ ਥਾਵਾਂ ‘ਤੇ ਘੇਰਾਬੰਦੀ ਕਰਕੇ ਸਰਚ ਅਭਿਆਨ ਚਲਾਇਆ ਤੇ ਲੋੜੀਂਦੀ ਕਾਰਵਾਈ ਕੀਤੀ। ਡੀ ਐਸ ਪੀ (ਡੀ) ਸ਼ਤੀਸ ਕੁਮਾਰ  ਡੀ ਐਸ ਪੀ ਦਵਿੰਦਰ ਸਿੰਘ ਦੀ ਅਗਵਾਈ ਵਿੱਚ ਅਮਰਗੜ੍ਹ ਡੀ.ਐਸ.ਪੀ. ਰਾਜਨ ਸ਼ਰਮਾ ਸਮੇਤ ਪੁਲਿਸ ਪਾਰਟੀਆਂ ਨੇ ਇਸ ਸਰਚ ਓਪਰੇਸ਼ਨ ਦੀ ਕਾਰਵਾਈ ਵਿੱਢੀ ਗਈ ਤਾਂ ਜੋ ਗੈਰ ਸਮਾਜਿਕ ਤੱਤਾ ਨੂੰ ਅਗਾਹ ਕੀਤਾ ਜਾ ਸਕੇ ਅਤੇ ਆਮ ਲੋਕਾਂ ਦੇ ਮਨਾਂ ਵਿੱਚ ਸੁਰੱਖਿਅਤ ਹੋਣ ਦੀ ਭਾਵਨਾ ਉਜਾਗਰ ਕੀਤੀ ਜਾ ਸਕੇ ।
           ਐਸ.ਪੀ ਡੀ ਸਤਪਾਲ ਸ਼ਰਮਾ ਨੇ ਸ਼ਹਿਰੀ ਖੇਤਰਾਂ ਵਿਚ ਸਰਚ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਗੌਰਵ ਯਾਦਵ ਦੇ ਨਿਰਦੇਸ਼ਾ ‘ਤੇ ਸੂਬੇ ਭਰ ਵਿਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਚਲਾਏ ਗਏ ਓਪਰੇਸ਼ਨ ਕਾਸੋ ਅਧੀਨ ਘੇਰਾਬੰਦੀ ਅਤੇ ਨਾਕਾਬੰਦੀ ਕਰਕੇ ਸਰਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨਸ਼ਾ ਸਮੱਗਲਰਾਂ ਖਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਉਣ ਦੇ ਨਾਲ-ਨਾਲ ਨਸ਼ਿਆਂ ਦੇ ਆਦੀ ਹੋ ਚੁੱਕੇ ਵਿਅਕਤੀਆਂ ਦਾ ਨਸ਼ਾ ਛੁਡਾਉਣ ਅਤੇ ਮੁੜ ਵਸੇਬੇ ਲਈ ਵੀ ਪੁਰਜ਼ੋਰ ਯਤਨ ਕਰ ਰਿਹਾ ਹੈ ਤਾਂ ਜੋ ਇਨ੍ਹਾਂ ਵਿਅਕਤੀਆਂ ਨੂੰ ਚੰਗੇ ਅਤੇ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਨਸ਼ਾ ਸਮਗਲਰਾਂ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਪੂਰੀ ਸਖਤੀ ਨਾਲ ਨਜਿੱਠਿਆ ਜਾਵੇਗਾ ਜਿਸ ਲਈ ਜਿਲ੍ਹਾ ਮਾਲੇਰਕੋਟਲਾ ਦੇ ਨਸ਼ਿਆਂ ਦੇ ਹੋਟਸਪੋਟ ਖੇਤਰਾਂ  ਵਿੱਚ ਵਿਸ਼ੇਸ਼ ਸਰਚ ਕੀਤੀ ਜਾ ਰਹੀ ਹੈ।
            ਉਨ੍ਹਾਂ ਕਿਹਾ ਕਿ ਨਸ਼ੇ ਇੱਕ ਸਮਾਜਿਕ ਸਮੱਸਿਆ ਹੈ ਜਿਸ ਨੂੰ  ਸਾਰਿਆਂ ਦੇ ਸਾਂਝੇ ਯਤਨਾਂ ਨਾਲ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਲੋਕਾਂ ਖ਼ਾਸਕਰ ਮਾਪਿਆਂ ਅਤੇ ਅਧਿਆਪਕਾਂ ਦੀ ਭੂਮਿਕਾ ਬਹੁਤ ਅਹਿਮ ਹੈ ਜੋ ਸਮੇਂ-ਸਮੇਂ ‘ਤੇ ਸੇਧ ਦੇ ਕੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰ ਸਕਦੇ ਹਨ ।ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਨਸ਼ਿਆਂ ਦਾ ਧੰਦਾ ਕਰਦੇ ਅਨਸਰਾਂ ਅਤੇ ਗੈਰ ਸਮਾਜਿਕ ਅਨਸਰਾਂ ਖਿਲਾਫ਼ ਪੂਰੀ ਸਖਤੀ ਵਰਤਦਿਆਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisements

LEAVE A REPLY

Please enter your comment!
Please enter your name here