
ਰੋਪੜ (ਦ ਸਟੈਲਰ ਨਿਊਜ਼)। ਰੋਪੜ ਦੇ ਗੁਰਦੁਆਰਾ ਹੈੱਡ ਦਰਬਾਰ ਸਾਹਿਬ ਵਿੱਚ ਚੱਲ ਰਹੇ ਧਾਰਮਿਕ ਸਮਾਗਮ ਦੌਰਾਨ ਏਸੀ ਫਟਣ ਕਾਰਨ ਅੱਗ ਲਗ ਗਈ। ਇਸ ਹਾਦਸੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਅਤੇ ਕਰੀਬ 10 ਲੋਕ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਨਿਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਇੱਕ ਮਹਿਲਾ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕ ਮਹਿਲਾ ਦੀ ਪਹਿਚਾਣ ਕਸ਼ਮੀਰ ਕੌਰ ਵਾਸੀ ਹਰਗੋਬਿੰਦ ਨਗਰ ਰੋਪੜ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਗੁਰਦੁਆਰਾ ਹੈੱਡ ਦਰਬਾਰ ਸਾਹਿਬ ਵਿਖੇ ਸੱਚਖੰਡ ਵਾਸੀ ਬਾਬਾ ਖੁਸ਼ਹਾਲ ਸਿੰਘ ਦਾ ਭੋਗ ਪੈ ਰਿਹਾ ਸੀ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਦਿਆਂ ਕਿਹਾ ਕਿ ਗੁਰੂਦੁਆਰਾ ਹੈੱਡ ਦਰਬਾਰ ਟਿੱਬੀ ਸਾਹਿਬ ਰੋਪੜ ਵਿਖੇ ਇੱਕ ਦੁਖਦ ਘਟਨਾ ਵਿੱਚ ਇੱਕ ਕੀਮਤੀ ਜਾਨ ਦੇ ਚਲੇ ਜਾਣ ਦੀ ਖ਼ਬਰ ਬਹੁਤ ਹੀ ਦੁੱਖਦਾਈ ਹੈ। ਅਸੀਂ ਪਰਿਵਾਰ ਨਾਲ ਗਹਿਰੀ ਹਮਦਰਦੀ ਪ੍ਰਗਟ ਕਰਦੇ ਹਾਂ। ਇਸ ਹਾਦਸੇ ਵਿੱਚ ਕੁੱਝ ਹੋਰ ਲੋਕ ਵੀ ਜ਼ਖਮੀ ਹੋਏ ਹਨ। ਉਹਨਾਂ ਨਾਲ ਹਸਪਤਾਲ ਵਿੱਚ ਮਿਲ ਕੇ ਹਾਲ-ਚਾਲ ਜਾਣਿਆ। ਜ਼ਖਮੀ ਹੋਏ ਲੋਕਾਂ ਦੀ ਜਲਦੀ ਸਿਹਤਯਾਬੀ ਲਈ ਦੁਆ ਕਰਦੇ ਹਾਂ।












