
ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸੂਬੇ ਵਿੱਚ 3 ਦਿਨਾਂ ਲਈ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ। 9, 10 ਅਤੇ 11 ਜੁਲਾਈ ਨੂੰ ਸੂਬੇ ਵਿੱਚ ਪੀਆਰਟੀਸੀ ਅਤੇ ਪਨਬਸ ਬੱਸਾਂ ਨਹੀਂ ਚੱਲਣਗੀਆਂ। ਮੰਗਾਂ ਨੂੰ ਲੈ ਕੇ ਪੀਆਰਟੀਸੀ ਅਤੇ ਪਨਬਸ ਮੁਲਾਜ਼ਮ ਚੱਕਾ ਜਾਮ ਕਰਨਗੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਮਹੀਨਾ ਪਹਿਲਾਂ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀਆਂ ਮੰਗਾਂ ਤੇ ਜਲਦ ਹੀ ਵਿਚਾਰ ਕੀਤਾ ਜਾਵੇਗਾ ਪਰ ਮਹੀਨਾ ਗੁਜ਼ਰਨ ਤੋਂ ਬਾਅਦ ਵੀ ਮਸਲਾ ਹੱਲ ਨਹੀਂ ਹੋਈ ਹੈ।

ਮੁਲਾਜ਼ਮਾਂ ਦੀ ਮੁੱਖ ਮੰਗ ਕੱਚਿਆਂ ਤੋਂ ਪੱਕੇ ਕਰਨਾ ਹੈ। ਦੂਜੇ ਪਾਸੇ ਪੀਆਰਟੀਸੀ, ਪਨਬਸ ਠੇਕੇਦਾਰੀ ਪ੍ਰਣਾਲੀ ਲਾਗੂ ਕਰਕੇ ਇਨ੍ਹਾਂ ਕੱਚੇ ਮੁਲਾਜ਼ਮਾਂ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾ ਰਹੇ ਹਨ। ਮੁਲਾਜ਼ਮਾਂ ਨੂੰ ਡਰ ਹੈ ਕਿ ਜੇਕਰ ਠੇਕੇਦਾਰੀ ਪ੍ਰਣਾਲੀ ਲਾਗੂ ਹੋ ਗਈ ਤਾਂ ਉਨ੍ਹਾਂ ਨੂੰ ਨੌਕਰੀਆਂ ਤੋਂ ਹੱਥ ਵੀ ਧੋਣਾ ਪੈ ਸਕਦਾ ਹੈ। ਇਸ ਲਈ ਉਹ ਵਾਰ-ਵਾਰ ਚੱਕਾ ਜਾਮ ਕਰਦੇ ਹਨ ਪਰ ਦੋਹਾਂ ਧਿਰਾਂ ਦੀ ਲੜਾਈ ਵਿੱਚ ਆਮ ਜਨਤਾ ਫਸ ਜਾਂਦੀ ਹੈ। ਜਿਸ ਬਾਰੇ ਸਰਕਾਰ ਤੇ ਮੁਲਾਜ਼ਮਾਂ ਨੂੰ ਚਿੰਤਨ ਕਰਨਾ ਪਵੇਗਾ।










