Saturday, October 10, 2026
Home Latest ਲੁਧਿਆਣਾ ‘ਚ “ਆਪ” ਦੀ ਜਿੱਤ ਮਾਨ ਸਰਕਾਰ ਦੀਆਂ ਲੋਕ ਤੇ ਵਿਕਾਸ ਪੱਖੀ...

ਲੁਧਿਆਣਾ ‘ਚ “ਆਪ” ਦੀ ਜਿੱਤ ਮਾਨ ਸਰਕਾਰ ਦੀਆਂ ਲੋਕ ਤੇ ਵਿਕਾਸ ਪੱਖੀ ਨੀਤੀਆਂ ‘ਤੇ ਮੋਹਰ ਦੇ ਨਾਲ ਆਮ ਆਦਮੀ ਦੀ ਜਿੱਤ: ਰਮਨ ਬਹਿਲ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਰਿਕਾਰਡ ਜਿੱਤ ਦਰਜ ਕਰਕੇ ਇੱਕ ਵਾਰ ਫਿਰ ਸੂਬੇ ਵਿੱਚ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਕੀਤਾ ਹੈ। ਆਮ ਆਦਮੀ ਪਾਰਟੀ ਦੀ ਇਹ ਜਿੱਤ ਮਾਨ ਸਰਕਾਰ ਦੀਆਂ ਲੋਕ ਪੱਖੀ ਤੇ ਵਿਕਾਸ ਪੱਖੀ ਨੀਤੀਆਂ ਉੱਪਰ ਮੋਹਰ ਦੇ ਨਾਲ ਆਮ ਆਦਮੀ ਦੀ ਜਿੱਤ ਹੈ। ਇਹ ਪ੍ਰਗਟਾਵਾ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਅੱਜ ਗੁਰਦਾਸਪੁਰ ਵਿਖੇ ਆਪਣੇ ਨਿਵਾਸ ਸਥਾਨ ‘ਤੇ ਪਾਰਟੀ ਵਰਕਰਾਂ ਨਾਲ ਜਿੱਤ ਦੀਆਂ ਖ਼ੁਸ਼ੀਆਂ ਮਨਾਉਣ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਲੁਧਿਆਣਾ ਪੱਛਮੀ ਦੀ ਇਹ ਚੋਣ ਜਿੱਤਣ ਨਾਲ ਆਮ ਆਦਮੀ ਪਾਰਟੀ ਨੇ ਸੈਮੀਫਾਈਨਲ ਜਿੱਤ ਲਿਆ ਹੈ ਅਤੇ 2027 ਵਿੱਚ ਆਪ ਫਾਈਨਲ ਜਿੱਤ ਕੇ ਇੱਕ ਵਾਰ ਫਿਰ ਸੂਬੇ ਵਿੱਚ ਆਪਣੀ ਸਰਕਾਰ ਬਣਾਏਗੀ।

Advertisements

ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਕਾਰਜਕਾਲ ਦੌਰਾਨ ਲੋਕਾਂ ਨੂੰ ਵੱਡੀਆਂ ਸਹੂਲਤਾਂ ਦੇ ਕੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਭਰਪੂਰ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਸੂਬਾ ਵਾਸੀਆਂ ਨੂੰ ਭ੍ਰਿਸ਼ਟਾਚਾਰ ਰਹਿਤ ਪ੍ਰਸ਼ਾਸਨ ਦੇਣ ਤੋਂ ਇਲਾਵਾ ਜ਼ੀਰੋ ਬਿਜਲੀ ਬਿੱਲ ਦੀ ਸਹੂਲਤ, ਸਿਹਤ ਕ੍ਰਾਂਤੀ ਤਹਿਤ ਮਿਆਰੀ ਸਿਹਤ ਸੇਵਾਵਾਂ ਦੇਣਾ, ਆਮ ਆਦਮੀ ਕਲੀਨਿਕਾਂ ਦੀ ਸਥਾਪਤੀ, ਸਿੱਖਿਆ ਕ੍ਰਾਂਤੀ ਤਹਿਤ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣਾ, 50000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਂਕਰੀਆਂ ਦੇਣੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਸਮੇਤ ਹਰ ਵਰਗ ਦੀ  ਬਿਹਤਰੀ ਲਈ ਕੰਮ ਕਰਕਨ ਦੇ ਨਾਲ ਸੂਬੇ ਦੇ ਸਰਬਪੱਖੀ ਵਿਕਾਸ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ, ਉਸ ਤੋਂ ਅਵਾਮ ਪੂਰੀ ਤਰਾਂ ਖ਼ੁਸ਼ ਅਤੇ ਸੰਤੁਸ਼ਟ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਪੱਛਮੀ ਦੀ ਇਹ ਜਿੱਤ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕ ਸੇਵਾ ਕਰਨ ਲਈ ਹੋਰ ਬਲ ਤੇ ਹਿੰਮਤ ਦੇਵੇਗੀ।

ਸ੍ਰੀ ਬਹਿਲ ਨੇ ਕਿਹਾ ਕਿ ਇਸਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਸੂਬਾ ਗੁਜਰਾਤ ਵਿੱਚ ਵੀ ਜ਼ਿਮਨੀ ਚੋਣ ਜਿੱਤ ਕੇ ਵੱਡਾ ਉੱਲਟਫੇਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਬਹੁਤ ਥੋੜ੍ਹੇ ਸਮੇਂ ਅੰਦਰ ਰਾਸ਼ਟਰੀ ਪਾਰਟੀ ਦਾ ਰੁਤਬਾ ਹਾਸਲ ਕਰਕੇ ਕਈ ਰਾਜਾਂ ਵਿੱਚ ਆਪਣਾ ਵੱਡਾ ਅਧਾਰ ਬਣਾਇਆ ਹੈ ਅਤੇ ਭਵਿੱਖ ਵਿੱਚ ਆਮ ਆਦਮੀ ਪਾਰਟੀ ਦੇਸ਼ ਦੀ ਰਾਜਨੀਤੀ ਨੂੰ ਬਦਲੇਗੀ। ਚੇਅਰਮੈਨ ਰਮਨ ਬਹਿਲ ਨੇ ਲੁਧਿਆਣਾ ਪੱਛਮੀ ਅਤੇ ਗੁਜਰਾਤ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਜਿੱਤ ਲਈ  ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜ਼ਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਦੇ ਪ੍ਰਭਾਰੀ ਮਨੀਸ਼ ਸਿਸ਼ੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਸਮੇਤ ਸਮੁੱਚੀ ਲੀਡਰਸ਼ਿਪ ਨੂੰ ਵਧਾਈ ਦਿੱਤੀ ਹੈ। ਇਸੇ ਦੌਰਾਨ ਗੁਰਦਾਸਪੁਰ ਵਿਖੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੀ  ਅਗਵਾਈ ਹੇਠ ਪਾਰਟੀ ਵਰਕਰਾਂ ਵੱਲੋਂ ਢੋਲ ਦੀ ਥਾਪ ‘ਤੇ ਭੰਗੜੇ ਪਾ ਕੇ ਅਤੇ ਲੱਡੂ ਵੰਡ ਕੇ ਜਿੱਤ ਦੇ ਜਸ਼ਨ ਮਨਾਏ ਗਏ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਟਰੱਸਟੀ ਰਘੁਬੀਰ ਸਿੰਘ, ਟਰੱਸਟੀ ਹਿਤੇਸ਼ ਮਹਾਜਨ, ਬਲਾਕ ਪ੍ਰਧਾਨ ਗਗਨ ਮਹਾਜਨ, ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਮਹਾਜਨ, ਬਲਵਿੰਦਰ ਸਿੰਘ ਐੱਮ.ਸੀ., ਯੋਗੇਸ਼ ਸ਼ਰਮਾ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ ਅਤੇ ਪਾਰਟੀ ਦੇ ਵਰਕਰ ਹਾਜ਼ਰ ਸਨ।

LEAVE A REPLY

Please enter your comment!
Please enter your name here