
ਸੰਗਰੂਰ (ਦ ਸਟੈਲਰ ਨਿਊਜ਼)। ਸੰਗਰੂਰ ਦੇ ਪਿੰਡ ਬੱਲਰਾਂ ਵਿੱਚ ਪਤਨੀ ਨੇ ਆਪਣੇ ਪ੍ਰੇਮੀ ਤੋਂ ਪਤੀ ਦਾ ਕਤਲ ਕਰਵਾ ਦਿੱਤਾ। ਜਾਣਕਾਰੀ ਮੁਤਾਬਿਕ ਮਹਿਲਾ ਦਾ ਪਤੀ ਉਸ ਦੇ ਨਜਾਇਜ਼ ਸਬੰਧਾਂ ਵਿੱਚ ਰੁਕਾਵਟ ਸੀ,ਇਸ ਲਈ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ, ਕਿਉਂਕਿ ਉਸ ਸਮੇਂ ਕਿਸੇ ਨੂੰ ਸ਼ੱਕ ਨਹੀਂ ਸੀ ਕਿ ਇਹ ਕਤਲ ਦੀ ਵਾਰਦਾਤ ਹੈ।

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਪਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਇਸ ਮੌਤ ਨੂੰ ਹਾਦਸਾ ਸਮਝਿਆ ਸੀ ਅਤੇ ਬਗੈਰ ਕਿਸੇ ਸ਼ੱਕ ਤੋਂ ਮ੍ਰਿਤਕ ਦੇਹ ਦਾ ਸੰਸਕਾਰ ਵੀ ਕਰ ਦਿੱਤਾ ਪਰ ਹੈਰਾਨ ਕਰਨ ਵਾਲਾ ਖੁਲਾਸਾ ਉਦੋਂ ਹੋਇਆ ਜਦੋਂ ਕਿਸੇ ਪਿੰਡ ਦੇ ਹੀ ਬੰਦੇ ਨੇ ਪਰਿਵਾਰ ਨੂੰ ਦੱਸਿਆ ਕਿ ਮੌਤ ਤੋਂ ਪਹਿਲਾਂ ਮ੍ਰਿਤਕ ਆਪਣੀ ਸਕੀ ਭੂਆ ਦੇ ਮੁੰਡੇ ਨਾਲ ਵਿਖਾਈ ਦਿੱਤਾ ਸੀ।
ਇਸ ਤੋਂ ਬਾਅਦ ਪਰਿਵਾਰ ਨੇ ਆਪਣੇ ਅਧਾਰ ਉੱਤੇ ਸੀਸੀਟੀਵ ਫੁਟੇਜ ਖੰਗਾਲੀ ਤਾਂ ਸਾਹਮਣੇ ਆਇਆ ਕਿ ਕਤਲ ਦੀ ਰਾਤ ਮ੍ਰਿਤਕ ਦੀ ਭੂਆ ਦਾ ਮੁੰਡਾ ਉਨ੍ਹਾਂ ਦੇ ਘਰ ਆਇਆ ਸੀ। ਇਸ ਤੋਂ ਬਾਅਦ ਪਤਾ ਚੱਲਿਆ ਕਿ ਮਹਿਲਾ ਦੇ ਨਜਾਇਜ਼ ਸਬੰਧ ਮ੍ਰਿਤਕ ਦੀ ਭੂਆ ਦੇ ਮੁੰਡੇ ਨਾਲ ਹੀ ਸਨ ਅਤੇ ਮਹਿਲਾ ਨੇ ਪਤੀ ਨੂੰ ਰਾਹ ਤੋਂ ਹਟਾਉਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਸਬੰਧੀ ਡੀਐੱਸਪੀ ਗੁਰਿੰਦਰ ਸਿੰਘ ਬਲ ਨੇ ਕਿਹਾ ਕਿ ਦੋਵਾਂ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕਾਰਵਾਈ ਜਾਰੀ ਹੈ।












