
ਹਰਿਆਣਾ (ਦ ਸਟੈਲਰ ਨਿਊਜ਼)। ਹਰਿਆਣਾ ਦੇ ਮੇਵਾਤ ਵਿੱਚ ਰਹਿਣ ਵਾਲੀ 75 ਸਾਲਾ ਔਰਤ ਨੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਕੀਤੀ। ਉਸ ਨੇ ਪੰਜਾਬ ਦੀ ਮਦਦ ਲਈ ਆਪਣਾ 2 ਕਿਲੋ ਚਾਂਦੀ ਅਤੇ 20 ਗ੍ਰਾਮ ਸੋਨਾ ਦਾਨ ਕੀਤਾ ਹੈ, ਜਿਸ ਦੀ ਕੀਮਤ ਲਗਭਗ 5 ਲੱਖ ਰੁਪਏ ਬਣਦੀ ਹੈ।
ਨਾਨਸਰਾ ਪਿੰਡ ਤੋਂ ਅਸਮੀਨਾ ਨੇ ਕਿਹਾ ਹੈ ਕਿ ਧੀਆਂ ਅਤੇ ਨੂੰਹਾਂ ਨੂੰ ਗਹਿਣੇ ਦੇਣ ਦੇ ਨਾਲ-ਨਾਲ ਔਰਤਾਂ ਬੁਢਾਪੇ ਵਿਚ ਆਪਣਾ ਦਾਜ ਦਾਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਖੁਦ ਹੜ੍ਹਾਂ ਦਾ ਸਾਹਮਣਾ ਕਰਨ ਤੋਂ ਬਾਅਦ ਸਾਨੂੰ ਲੱਗਿਆ ਕਿ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੈ। ਮੇਵਾਤ ਦੇ ਲੋਕਾਂ ਵੱਲੋਂ ਹੜ੍ਹ ਪ੍ਰਭਾਵਿਤ ਪੰਜਾਬ ਦੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਪੰਜਾਬ ਨੂੰ ਕਾਫ਼ੀ ਰਾਹਤ ਸਮੱਗਰੀ ਭੇਜੀ ਜਾ ਚੁੱਕੀ ਹੈ। ਇਸ ਵਿਚ ਸਭ ਤੋਂ ਵੱਧ ਯੋਗਦਾਨ ਮੇਵਾਤ ਦੀਆਂ ਔਰਤਾਂ ਦਾ ਹੈ।
ਪੰਜਾਬ ਇਸ ਸਮੇਂ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਨ੍ਹਾਂ ਹੜ੍ਹਾਂ ਕਾਰਨ ਪੰਜਾਬ ਵਿਚ 46 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਹੜ੍ਹ ਪੀੜਤਾਂ ਦੀ ਪੰਜਾਬ ਦੇ ਲੋਕਾਂ ਵੱਲੋਂ ਬਹੁਤ ਮਦਦ ਕੀਤੀ ਜਾ ਰਹੀ ਹੈ। ਭਾਵੇਂ ਉਹ ਪੰਜਾਬੀ ਫ਼ਿਲਮ ਇੰਡਸਟਰੀ ਹੋਵੇ ਜਾਂ ਬਾਲੀਵੁੱਡ ਫ਼ਿਲਮ ਇੰਡਸਟਰੀ ਦੇ ਕਲਾਕਾਰ ਹੋਣ ।ਗਾਇਕ ਮਨਕੀਰਤ ਔਲਖ ਨੇ ਲੰਘੇ ਦਿਨੀਂ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ 10 ਟਰੈਕਟਰ ਦਿੱਤੇ ਹਨ। ਇਸੇ ਤਰ੍ਹਾਂ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਵੀ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਪੰਜਾਬ ਪਹੁੰਚੇ ਹਨ ਅਤੇ ਉਨ੍ਹਾਂ ਕਿਹਾ ਕਿ ਸੀ ਉਹ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਨਗੇ।













