
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦਾ ਨੌਜਵਾਨ ਸ਼ੁਭਮ, ਜੋ ਇੰਟਾਗ੍ਰਾਮ ਤੇ @yesiamvlogger ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਵਾਰ ਫਿਰ ਆਪਣੀ ਸਾਈਕਲ ਯਾਤਰਾ ਤੇ ਨਿਕਲ ਪਿਆ ਹੈ। ਸ਼ੁਭਮ ਪਹਿਲਾਂ ਵੀ ਕਈ ਸਾਈਕਲ ਰਿਕਾਰਡ ਆਪਣੇ ਨਾਮ ਕਰ ਚੁੱਕਿਆ ਹੈ ਅਤੇ ਸਾਈਕਲ ਰਾਹੀਂ ਕੇਦਾਰਨਾਥ ਪਹੁੰਚਣ ਵਾਲਾ ਪਹਿਲਾ ਪੰਜਾਬੀ ਬਣ ਚੁੱਕਿਆ ਹੈ। ਸ਼ੁਭਮ ਨੇ ਦੱਸਿਆ ਕਿ ਇਹ ਸਾਲ ਉਸ ਲਈ ਕਾਫ਼ੀ ਮੁਸ਼ਕਿਲ ਰਿਹਾ ਕਿਉਂਕਿ ਉਹ ਲਗਭਗ 7-8 ਮਹੀਨੇ ਬਿਮਾਰ ਰਿਹਾ।

ਉਸਨੇ ਕਿਹਾ ਕਿ “ਸਾਲ ਔਖਾ ਸੀ, ਪਰ ਮੈਂ ਹਾਰ ਨਹੀਂ ਮੰਨੀ ਅਤੇ ਫਿਰ ਤੋਂ ਉਹੀ ਹੌਂਸਲੇ ਨਾਲ ਸਫ਼ਰ ਸ਼ੁਰੂ ਕੀਤਾ ਹੈ।” ਇਸ ਵਾਰੀ ਸ਼ੁਭਮ ਸ਼੍ਰੀ ਹੇਮਕੁੰਟ ਸਾਹਿਬ ਸਾਈਕਲ ਰਾਹੀਂ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਬਦਰੀਨਾਥ ਅਤੇ ਮਾਣਾ ਪਿੰਡ – ਜਿਸਨੂੰ “ਭਾਰਤ ਦਾ ਪਹਿਲਾ ਪਿੰਡ” ਕਿਹਾ ਜਾਂਦਾ ਹੈ, ਦਾ ਵੀ ਦਰਸ਼ਨ ਕਰੇਗਾ। ਆਪਣੀ ਯਾਤਰਾ ਰਾਹੀਂ ਸ਼ੁਭਮ ਨੌਜਵਾਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਜ਼ਿੰਦਗੀ ਦਾ ਆਨੰਦ ਮਾਣੋ।












