
ਦਿੱਲੀ (ਦ ਸਟੈਲਰ ਨਿਊਜ਼)। ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਦੇ ਗੈਂਗ ਨਾਲ ਜੁੜੇ ਦੋ ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹਰਿਆਣਾ ਦੇ ਦੋ ਸ਼ੂਟਰ ਦਿੱਲੀ ਵਿੱਚ ਇੱਕ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਹਨ। ਪੁਲਿਸ ਨੇ ਜੈਤਪੁਰ-ਕਾਲਿੰਦੀ ਕੁੰਜ ਰੋਡ ‘ਤੇ ਇੱਕ ਜਾਲ ਵਿਛਾਇਆ। ਜਿਵੇਂ ਹੀ ਸ਼ੱਕੀਆਂ ਨੂੰ ਮੋਟਰਸਾਈਕਲ ‘ਤੇ ਦੇਖਿਆ ਗਿਆ। ਉਨ੍ਹਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਰੁਕਣ ਦੀ ਬਜਾਏ ਦੋਵਾਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ। ਇੱਕ ਛੋਟੀ ਜਿਹੀ ਮੁੱਠਭੇੜ ਤੋਂ ਬਾਅਦ ਦੋਵਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਮੌਕੇ ਤੋਂ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ। ਮੁਲਜ਼ਮਾ ਦੀ ਪਛਾਣ ਪਾਣੀਪਤ ਦੇ ਵਾਸੀ ਰਾਹੁਲ ਅਤੇ ਭਿਵਾਨੀ ਦੇ ਰਹਿਣ ਵਾਲੇ ਸਾਹਿਲ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਪੁੱਛਗਿੱਛ ਕਰਨ ‘ਤੇ ਮੁਲਜ਼ਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਨੱਵਰ ਫਾਰੂਕੀ ਨੂੰ ਮਾਰਨ ਦਾ ਨਿਸ਼ਾਨਾ ਦਿੱਤਾ ਗਿਆ ਸੀ। ਦੋਵਾਂ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਕਬੂਲ ਕੀਤਾ ਕਿ ਉਹ ਕੁਝ ਸਮੇਂ ਤੋਂ ਮੁਨੱਵਰ ‘ਤੇ ਨਜ਼ਰ ਰੱਖ ਰਹੇ ਸਨ। ਪਰ ਮੁਨੱਵਰ ਨੇ ਆਖਰੀ ਸਮੇਂ ‘ਤੇ ਆਪਣੀ ਗੱਡੀ ਬਦਲ ਲਈ ਅਤੇ ਯੋਜਨਾ ਅਸਫਲ ਹੋ ਗਈ। ਹਾਲਾਂਕਿ ਹਮਲੇ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਪੁਲਿਸ ਨੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।












