
ਚੰਡੀਗੜ੍ਹ (ਦ ਸਟੈਲਰ ਨਿਊਜ਼)। ਕਪੂਰਥਲਾ ਦੀ ਮਹਿਲਾ ਸਰਬਜੀਤ ਕੌਰ ਵੱਲੋਂ ਪਾਕਿਸਤਾਨ ਵਿੱਚ ਨਿਕਾਹ ਕਰਵਾਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਜਾਣ ਵਾਲੀਆਂ ਇਕੱਲੀਆਂ ਮਹਿਲਾ ਸ਼ਰਧਾਲੂਆਂ ਲਈ ਵੀਜ਼ਾ ਅਰਜ਼ੀਆਂ ਤੇ ਸਖ਼ਤ ਨਿਯਮ ਲਾਗੂ ਕੀਤੇ ਹਨ। SGPC ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸਰਬਜੀਤ ਕੌਰ ਦੇ ਮਾਮਲੇ ਦੀ ਸਮੇਂ ਸਿਰ ਸਹੀ ਢੰਗ ਨਾਲ ਜਾਂਚ ਹੋਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਔਰਤ ਦੇ ਨਾਮ ਬਦਲਣ ਅਤੇ ਵਿਆਹ ਦੀਆਂ ਮੀਡੀਆ ਰਿਪੋਰਟਾਂ ਸਪੱਸ਼ਟ ਤੌਰ ‘ਤੇ ਦਰਸਾਉਂਦੀਆਂ ਹਨ ਕਿ ਸਰਬਜੀਤ ਦੇ ਪਾਕਿਸਤਾਨ ਵਿੱਚ ਪਹਿਲਾਂ ਸੰਪਰਕ ਸਨ।

ਉਨ੍ਹਾਂ ਸਬੰਧਤ ਜਾਂਚ ਏਜੰਸੀਆਂ ਦੀਆਂ ਕਾਰਵਾਈਆਂ ‘ਤੇ ਸਵਾਲ ਉਠਾਏ ਅਤੇ ਇਹ ਗਤੀਵਿਧੀ ਉਨ੍ਹਾਂ ਦੇ ਧਿਆਨ ਵਿੱਚ ਕਿਵੇਂ ਨਹੀਂ ਆਈ। ਤੁਹਾਨੂੰ ਦੱਸ ਦਈਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ 4 ਨਵੰਬਰ ਨੂੰ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਕੱਤਰ ਹੋ ਕੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਸ਼ਾਮਿਲ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਇਕ ਔਰਤ ਸਿੱਖ ਸ਼ਰਧਾਲੂਆਂ ਦੇ ਜਥੇ ਵਿਚੋਂ ਫਰਾਰ ਹੋ ਗਈ ਸੀ। ਮਿਲੀ ਜਾਣਕਾਰੀ ਅਨੁਸਾਰ ਉਕਤ ਔਰਤ ਦਾ ਨਾਂਅ ਸਰਬਜੀਤ ਕੌਰ ਵਾਸੀ ਪਿੰਡ ਅਮੈਨੀਪੁਰ, ਡਾਕਖ਼ਾਨਾ ਟਿੱਬਾ, ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਹੈ।
ਭਾਰਤੀ ਇਮੀਗ੍ਰੇਸ਼ਨ ਦੇ ਰਿਕਾਰਡ ਅਨੁਸਾਰ 1932 ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਗਈ ਸੀ, ਪਰ ਸ਼ੁੱਕਰਵਾਰ ਨੂੰ 10 ਦਿਨਾਂ ਬਾਅਦ ਪਾਕਿਸਤਾਨ ਸਥਿਤ ਵੱਖ-ਵੱਖ ਗੁਰਧਾਮਾਂ ਦੀ ਯਾਤਰਾ ਅਤੇ ਦਰਸ਼ਨ ਦੀਦਾਰੇ ਕਰਕੇ, ਜਦੋਂ ਜਥਾ ਭਾਰਤ ਪਹੁੰਚਿਆ ਤਾਂ ਸਰਬਜੀਤ ਕੌਰ, ਨਹੀਂ ਪਹੁੰਚੀ ਸੀ ਤੇ ਇਸ ਜਥੇ ਵਿਚੋਂ ਫ਼ਰਾਰ ਸੀ। ਜਾਂਚ ਵਿੱਚ ਸ਼ੁਰੂ ਵਿੱਚ ਸਰਬਜੀਤ ਕੌਰ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ ਪਰ ਜਾਂਚ ਤੋਂ ਪੱਤਾ ਲੱਗਾ ਕਿ ਉਹ ਲਾਪਤਾ ਨਹੀਂ, ਸਗੋਂ ਨਾਂ ਬਦਲ ਕੇ ਨੂਰ ਹੁਸੈਨ ਬਣ ਗਈ ਹੈ ਅਤੇ ਉਸਨੇ ਪਾਕਿਸਤਾਨ ਵਿੱਚ ਨਿਕਾਹ ਕਰਵਾ ਲਿਆ ਹੈ।












