
ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਵਿੱਚ ਬੀਤੇ ਕੁਝ ਦਿਨ ਪਹਿਲਾ ਲਾਪਤਾ ਹੋਏ ਫੋਟੋਗ੍ਰਾਫਰ ਸਤਨਾਮ ਸਿੰਘ ਦੀ ਲਾਸ਼ ਸਿਰਸਾ (ਹਰਿਆਣਾ) ਨਜ਼ਦੀਕ ਭਾਖੜਾ ਨਹਿਰ ਵਿੱਚੋਂ ਮਿਲੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਵਿੱਚ ਲਿਆਂਦਾ ਗਿਆ। ਜਾਣਕਾਰੀ ਅਨੁਸਾਰ ਥਾਣਾ ਸਿਟੀ ਦੀ ਪੁਲੀਸ ਨੇ ਇਸ ਮਾਮਲੇ ਸਬੰਧੀ ਅਜੈ ਕੁਮਾਰ ਅਤੇ ਉਸ ਦੀ ਪਤਨੀ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਿਟੀ ਪੁਲੀਸ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਤਨਾਮ ਸਿੰਘ (25) ਦੀ ਭੈਣ ਖੁਸ਼ਪ੍ਰੀਤ ਕੌਰ ਪੁੱਤਰੀ ਬਲਦੇਵ ਸਿੰਘ ਵਾਸੀ ਨਵੀਂ ਸਰਾਂ ਪੱਤੀ ਸਮਾਣਾ ਵੱਲੋਂ ਦਿੱਤੀ ਗਈ ਸ਼ਿਕਾਇਤ ਅਨੁਸਾਰ ਉਸ ਦਾ ਭਰਾ 11 ਅਪਰੈਲ ਦੀ ਸ਼ਾਮ ਨੂੰ ਸਮਾਗਮ ਦੀ ਫੋਟੋਗ੍ਰਾਫੀ ਕਰਨ ਲਈ ਇਕ ਨਿੱਜੀ ਪੈਲੇਸ ਸਮਾਣਾ ਗਿਆ ਸੀ।

ਉੱਥੇ 33,000 ਰੁਪਏ ਦੀ ਚੋਰੀ ਦੇ ਅਰੋਪ ਵਿੱਚ ਅਜੈ ਕੁਮਾਰ, ਉਸ ਦੀ ਪਤਨੀ ਅਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਇਸ ਘਟਨਾ ਤੋਂ ਬਾਅਦ ਉਹ ਰਾਤ ਨੂੰ ਘਰ ਵਾਪਸ ਨਹੀਂ ਆਇਆ ਅਤੇ ਉਸ ਦਾ ਮੋਟਰਸਾਈਕਲ ਭਾਖੜਾ ਨਹਿਰ ਦੇ ਚੀਕਾ ਪੁਲ, ਸਮਾਣਾ ਨਜ਼ਦੀਕ ਪਟੜੀ ਤੋਂ ਬਰਾਮਦ ਹੋਇਆ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਭਾਖੜਾ ਨਹਿਰ ਵਿੱਚ ਉਸ ਦੀ ਭਾਲ ਕੀਤੀ ਜਾ ਰਹੀ ਸੀ। ਅਧਿਕਾਰੀ ਅਨੁਸਾਰ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕੀਤੀ ਜਾਵੇਗੀ। ਪੁਲਿਸ ਫਰਾਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।












