
ਹਰਿਆਣਾ (ਦ ਸਟੈਲਰ ਨਿਊਜ਼)। ਰੇਵਾੜੀ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਥੇ ਇੱਕ ਘਰ ਵਿੱਚ ਅਚਾਨਕ ਧਮਾਕਾ ਹੋਣ ਨਾਲ 5 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ ਤੇ ਜ਼ੋਰਦਾਰ ਧਮਾਕੇ ਨਾਲ ਖਿੜਕੀਆਂ ਤੇ ਦਰਵਾਜ਼ੇ ਦੇ ਸ਼ੀਸ਼ੇ ਟੁੱਟੇ ਗਏ ਹਨ। ਮੌਕੇ ‘ਤੇ ਪਹੁੰਚੀ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ।

ਦੱਸ ਦੇਈਏ ਕਿ ਸਾਬਕਾ ਸੈਨਿਕ ਸਤਬੀਰ ਚੌਹਾਨ ਐਤਵਾਰ ਸ਼ਾਮ ਨੂੰ ਆਪਣੇ ਪਰਿਵਾਰ ਨਾਲ ਆਪਣੇ ਘਰ ‘ਤੇ ਸੀ। ਸੀਆਰਪੀਐੱਫ ਵਿਚ ਤਾਇਨਾਤ ਗੁਆਂਢੀ ਜੈਭਗਵਾਨ ਵੀ ਉਨ੍ਹਾਂ ਕੋਲ ਬੈਠੇ ਸਨ ਤੇ ਬੇਟਾ ਕਿਸੇ ਕੰਮ ਤੋਂ ਘਰ ਤੋਂ ਬਾਹਰ ਗਿਆ ਸੀ। ਉਨ੍ਹਾਂ ਦੀ ਧੀ ਤਨੂੰ ਆਪਣੇ ਕਮਰੇ ਵਿਚ ਕੱਪੜੇ ਪ੍ਰੈੱਸ ਕਰ ਰਹੀ ਸੀ। ਅਚਾਨਕ ਉਸ ਦੇ ਕਮਰੇ ਤੋਂ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਸਤਬੀਰ ਤੇ ਜੈਭਗਵਾਨ ਉਥੇ ਪਹੁੰਚੇ ਤਾਂਉਹ ਵੀ ਝੁਲਸ ਗਏ। ਉਨ੍ਹਾਂ ਨਾਲ ਇਕ 2 ਸਾਲਾ ਬੱਚੀ ਖੁਸ਼ੀ ਵੀ ਉਸ ਦੀ ਚਪੇਟ ਵਿਚ ਆ ਗਈ। ਹਾਲਾਂਕਿ ਘਰ ‘ਤੇ ਮੌਜੂਦ ਸਤਬੀਰ ਚੌਹਾਨ ਦੀ ਪਤਨੀ ਮਧੂ ਸੁਰੱਖਿਅਤ ਬਚ ਗਈ।
ਧਮਾਕੇ ਮਗਰੋਂ ਜਦੋਂ ਜਾਂਚ ਟੀਮਾਂ ਮੌਕੇ ‘ਤੇ ਪਹੁੰਚੀ ਤਾਂ ਸਭ ਕੁਝ ਸਹੀ ਮਿਲਿਆ। ਘਰ ਵਿਚ ਰੱਖਿਆ ਗੈਸ ਸਿਲੰਡਰ, ਫਰਿੱਜ ਤੇ ਗੈਸ ਸਪਲਾਈ ਲਈ ਲਗਾਈ ਲਈ PNG ਪਾਈਪ ਲਾਈਨ ਤੇ ਬਿਜਲੀ ਦੀ ਵਾਇਰ ਸਹੀ ਮਿਲੀ। ਹਾਲਾਂਕਿ ਅਜੇ ਪੀਐੱਨਜੀ ਦੀ ਸਪਲਾਈ ਸ਼ੁਰੂ ਨਹੀਂ ਹੋਈ ਸੀ। ਧਮਾਕੇ ਵਿਚ ਝੁਲਸੇ ਲੋਕ ਹਸਪਤਾਲਾਂ ਵਿਚ ਇਲਾਜ ਅਧੀਨ ਹਨ। ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜਾਂਚ ਏਜੰਸੀਆਂ ਲੱਗੀਆਂ ਹੋਈਆਂ ਹਨ।











