
ਫਿਲੌਰ (ਦ ਸਟੈਲਰ ਨਿਊਜ਼)। ਫਿਲੌਰ ਦੇ ਨਜ਼ਦੀਕੀ ਪਿੰਡ ਮੌ ਸਾਹਿਬ ਤੋਂ ਇਕ ਦੁਖਭਰੀ ਖਬਰ ਸਾਹਮਣੇ ਆਈ ਹੈ, ਜਿਥੇ ਇੱਕ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਈ ਹੈ। ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਦੱਸੀ ਜਾ ਰਹੀ ਹੈ, ਉੱਥੇ ਹੀ ਜਹਰੀਲੀ ਚੀਜ਼ (Poison) ਦਾ ਵੀ ਸ਼ੱਕ ਜਾਹਰ ਕੀਤਾ ਜਾ ਰਿਹਾ ਹੈ। ਮ੍ਰਿਤਕ ਦੀ ਪਹਿਚਾਣ 19 ਸਾਲਾ ਹਰਵਿੰਦਰ ਕੁਮਾਰ ਉਰਫ਼ ਹੈਰੀ ਪੁੱਤਰ ਹੁਸਨ ਲਾਲ ਵਜੋਂ ਹੋਈ ਹੈ।

ਮ੍ਰਿਤਕ ਦੀ ਭੈਣ ਪੂਜਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੁਝ ਦਿਨ ਪਹਿਲਾਂ 3-4 ਅਣਪਛਾਤੇ ਵਿਅਕਤੀ ਉਸਦੇ ਭਰਾ ਨੂੰ ਫੋਨ ਕਰਕੇ ਆਪਣੇ ਨਾਲ ਲਿਜਾਣ ਦੀ ਗੱਲ ਕਰ ਰਹੇ ਸਨ। ਪਰਿਵਾਰ ਨੂੰ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਹਨਾਂ ਦੇ ਨਾਲ ਜਾਣ ਤੋਂ ਬਾਅਦ ਹਰਵਿੰਦਰ ਕੁਮਾਰ ਘਰ ਵਾਪਸ ਨਹੀਂ ਆਇਆ ਅਤੇ ਬਾਅਦ ਵਿੱਚ ਉਸਦੀ ਲਾਸ਼ ਮਿਲੀ।
ਮੌਕੇ ਤੇ ਪਹੁੰਚੀ ਕਾਗਰਸੀ ਆਗੂ ਰਜਿੰਦਰ ਸੰਧੂ ਨੇ ਦੱਸਿਆ ਕਿ ਮ੍ਰਿਤਕ ਆਪਣੇ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਅਤੇ ਉਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਨ੍ਹਾਂ ਅਨੁਸਾਰ 4 ਵਿਅਕਤੀ ਜੋ ਖੁਦ ਵੀ ਗਲਤ ਸੰਗਤ ਵਿੱਚ ਸਨ, ਉਸਨੂੰ ਆਪਣੇ ਨਾਲ ਲੈ ਗਏ ਸਨ। ਸਵੇਰੇ ਕਰੀਬ 7 ਵਜੇ ਉਸਦੀ ਲਾਸ਼ ਸਕੂਲ ਦੇ ਮੈਦਾਨ ਵਿੱਚੋਂ ਬਰਾਮਦ ਹੋਈ। ਮੌਕੇ ਦੀ ਸਥਿਤੀ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸਨੂੰ ਕੋਈ ਨਸ਼ੀਲਾ ਜਾਂ ਜ਼ਹਿਰੀਲਾ ਪਦਾਰਥ ਦਿੱਤਾ ਗਿਆ ਹੋ ਸਕਦਾ ਹੈ। ਹਾਲਾਂਕਿ ਮੌਤ ਦੇ ਅਸਲ ਕਾਰਣ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਪਸ਼ਟ ਹੋਣਗੇ।
ਥਾਣਾ ਬਿਲਗਾ ਤੋਂ ਪਹੁੰਚੇ ਪੁਲਿਸ ਕਰਮਚਾਰੀ ਦਿਲਬਾਗ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪੂਰੀ ਸੱਚਾਈ ਸਾਹਮਣੇ ਆਏਗੀ।












