
ਦਿੱਲੀ (ਦ ਸਟੈਲਰ ਨਿਊਜ਼)। ਇੰਗਲੈਂਡ ਦੇ ਮਹਾਨ ਫੁੱਟਬਾਲ ਖਿਡਾਰੀ ਅਤੇ ਰਾਸ਼ਟਰੀ ਟੀਮ ਦੇ ਸਾਬਕਾ ਕਪਤਾਨ ਅਤੇ ਕੋਚ ਕੇਵਿਨ ਕੀਗਨ ਦਾ 75 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। 2 ਵਾਰ ਦੇ ‘ਬੈਲਨ ਡੀ’ਓਰ’ ਜੇਤੂ ਕੀਗਨ ਕੈਂਸਰ ਨਾਲ ਜੂਝ ਰਹੇ ਸਨ। ਪਿਛਲੇ ਮਹੀਨੇ ਹੀ ਉਨ੍ਹਾਂ ਨੇ ਆਪਣੀ ਬੀਮਾਰੀ ਦੀ ਜਾਣਕਾਰੀ ਜਨਤਕ ਕੀਤੀ ਸੀ।

ਕੀਗਨ ਦੇ ਦੇਹਾਂਤ ਦੀ ਜਾਣਕਾਰੀ ਉਨ੍ਹਾਂ ਦੇ ਸਾਬਕਾ ਕਲੱਬ ਨਿਊਕੈਸਲ ਯੂਨਾਈਟਿਡ ਨੇ ਸੋਮਵਾਰ ਨੂੰ ਦਿੱਤੀ। ਕਲੱਬ ਨੇ ਉਨ੍ਹਾਂ ਨੂੰ ਆਪਣੇ ਇਤਿਹਾਸ ਦੀਆਂ ਸਭ ਤੋਂ ਵੱਕਾਰੀ, ਪ੍ਰਭਾਵਸ਼ਾਲੀ ਅਤੇ ਸਭ ਤੋਂ ਵੱਧ ਪਿਆਰੀਆਂ ਸ਼ਖਸੀਅਤਾਂ ਵਿੱਚੋਂ ਇੱਕ ਦੱਸਿਆ।
1970 ਦੇ ਦਹਾਕੇ ਵਿੱਚ ਕੀਗਨ ਸਿਰਫ਼ ਇੰਗਲੈਂਡ ਦੇ ਹੀ ਨਹੀਂ ਸਗੋਂ ਯੂਰਪੀਅਨ ਫੁੱਟਬਾਲ ਦੇ ਸਭ ਤੋਂ ਵੱਡੇ ਸਿਤਾਰਿਆਂ ਵਿੱਚ ਸ਼ਾਮਲ ਸਨ। ਉਹ ਇੰਗਲੈਂਡ ਦੇ ਉਨ੍ਹਾਂ ਚਾਰ ਖਿਡਾਰੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਵੱਕਾਰੀ ‘ਬੈਲਨ ਡੀ’ਓਰ’ ਪੁਰਸਕਾਰ ਜਿੱਤਿਆ। ਆਪਣੀ ਫੁਰਤੀ, ਗੋਲ ਕਰਨ ਦੀ ਸਮਰੱਥਾ ਅਤੇ ਅਣਥੱਕ ਮਿਹਨਤ ਦੇ ਦਮ ‘ਤੇ ਉਨ੍ਹਾਂ ਨੇ ਵਿਸ਼ਵ ਫੁੱਟਬਾਲ ਵਿੱਚ ਵੱਖਰੀ ਪਛਾਣ ਬਣਾਈ।
ਕੀਗਨ ਉਨ੍ਹਾਂ ਸ਼ੁਰੂਆਤੀ ਅੰਗਰੇਜ਼ ਖਿਡਾਰੀਆਂ ਵਿੱਚ ਵੀ ਸ਼ਾਮਲ ਸਨ ਜਿਨ੍ਹਾਂ ਨੇ ਘਰੇਲੂ ਫੁੱਟਬਾਲ ਛੱਡ ਕੇ ਯੂਰਪ ਦੀ ਕਿਸੇ ਵੱਡੀ ਲੀਗ ਵਿੱਚ ਖੇਡਣ ਦਾ ਫੈਸਲਾ ਕੀਤਾ। 1977 ਵਿੱਚ ਲਿਵਰਪੂਲ ਨਾਲ ਯੂਰਪੀਅਨ ਕੱਪ ਜਿੱਤਣ ਤੋਂ ਬਾਅਦ ਉਹ ਜਰਮਨੀ ਦੇ ਕਲੱਬ ਹੈਮਬਰਗ ਐਸ.ਵੀ. ਨਾਲ ਜੁੜੇ।
ਹੈਮਬਰਗ ਵਿੱਚ ਉਨ੍ਹਾਂ ਨੇ 1978 ਅਤੇ 1979 ਵਿੱਚ ਲਗਾਤਾਰ ਦੋ ਵਾਰ ਬੈਲਨ ਡੀ’ਓਰ ਜਿੱਤਿਆ। 1979 ਵਿੱਚ ਕਲੱਬ ਨੂੰ ਜਰਮਨ ਲੀਗ (ਬੁੰਡੇਸਲੀਗਾ) ਦਾ ਖਿਤਾਬ ਦਿਵਾਉਣ ਵਿੱਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ। ਹੈਮਬਰਗ ਨੇ ਉਨ੍ਹਾਂ ਨੂੰ ਕਲੱਬ ਦੇ ਇਤਿਹਾਸ ਦੇ ਮਹਾਨਤਮ ਖਿਡਾਰੀਆਂ ਵਿੱਚੋਂ ਇੱਕ ਦੱਸਿਆ।
ਇੰਗਲੈਂਡ ਲਈ ਕੀਗਨ ਨੇ 63 ਅੰਤਰਰਾਸ਼ਟਰੀ ਮੈਚਾਂ ਵਿੱਚ 21 ਗੋਲ ਕੀਤੇ ਅਤੇ 1982 ਵਿਸ਼ਵ ਕੱਪ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ।
ਉਨ੍ਹਾਂ ਨੇ ਕੋਚ ਵਜੋਂ ਵੀ ਅਮਿੱਟ ਛਾਪ ਛੱਡੀ। 1992 ਤੋਂ 2008 ਤੱਕ ਚੱਲੇ ਆਪਣੇ ਕੋਚਿੰਗ ਕਰੀਅਰ ਵਿੱਚ ਕੀਗਨ ਨੇ ਨਿਊਕੈਸਲ ਯੂਨਾਈਟਿਡ ਨੂੰ 1995-96 ਪ੍ਰੀਮੀਅਰ ਲੀਗ ਖਿਤਾਬ ਦੇ ਬਹੁਤ ਕਰੀਬ ਪਹੁੰਚਾਇਆ।
ਉਨ੍ਹਾਂ ਨੇ 1999 ਤੋਂ 2000 ਤੱਕ ਇੰਗਲੈਂਡ ਦੀ ਰਾਸ਼ਟਰੀ ਟੀਮ ਦੇ ਮੁੱਖ ਕੋਚ ਦੀ ਜ਼ਿੰਮੇਵਾਰੀ ਵੀ ਸੰਭਾਲੀ। ਹਾਲਾਂਕਿ ਯੂਰੋ 2000 ਵਿੱਚ ਟੀਮ ਪਹਿਲੇ ਦੌਰ ਵਿੱਚ ਹੀ ਬਾਹਰ ਹੋ ਗਈ ਅਤੇ 2002 ਵਿਸ਼ਵ ਕੱਪ ਕੁਆਲੀਫਾਇਰ ਵਿੱਚ ਜਰਮਨੀ ਤੋਂ ਹਾਰਨ ਤੋਂ ਬਾਅਦ ਉਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।












