Tuesday, September 22, 2026
Home Crime ਕੈਨੇਡਾ ‘ਚ Uber ਡਰਾਈਵਰ ਮਨਦੀਪ ਸਿੰਘ ਤੇ ਜਿਨਸੀ ਹਮਲਾ ਕਰਨ ਦੇ ਆਰੋਪ,...

ਕੈਨੇਡਾ ‘ਚ Uber ਡਰਾਈਵਰ ਮਨਦੀਪ ਸਿੰਘ ਤੇ ਜਿਨਸੀ ਹਮਲਾ ਕਰਨ ਦੇ ਆਰੋਪ, ਗ੍ਰਿਫ਼ਤਾਰ

ਦਿੱਲੀ (ਦ ਸਟੈਲਰ ਨਿਊਜ਼)। ਕੈਨੇਡਾ ਦੇ ਓਨਟਾਰੀਓ ਸੂਬੇ ਦੇ ਬਰਲਿੰਗਟਨ ਸ਼ਹਿਰ ਵਿੱਚ ਇੱਕ 25 ਸਾਲਾ ਉਬਰ (Uber) ਡਰਾਈਵਰ ਖ਼ਿਲਾਫ਼ ਇੱਕੋ ਹੀ ਮਹਿਲਾ ਨਾਲ ਇੱਕੋ ਦਿਨ ਦੋ ਵਾਰ ਜਿਨਸੀ ਹਮਲਾ ਕਰਨ ਦੇ ਗੰਭੀਰ ਆਰੋਪਾਂ ਮਗਰੋਂ ਸਨਸਨੀ ਫੈਲ ਗਈ ਹੈ। ਹਾਲਟਨ ਰਿਜਨਲ ਪੁਲਿਸ ਸਰਵਿਸ ਨੇ ਐਟੋਬਿਕੋਕ ਦੇ ਰਹਿਣ ਵਾਲੇ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਜਿਨਸੀ ਹਮਲੇ ਦੇ ਦੋ ਮਾਮਲੇ ਦਰਜ ਕੀਤੇ ਹਨ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਕਥਿਤ ਘਟਨਾ ਦੇ ਸਮੇਂ ਉਹ ਉਬਰ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਪੁਲਿਸ ਅਨੁਸਾਰ ਇਹ ਘਟਨਾ 16 ਜੂਨ 2026 ਨੂੰ ਸ਼ਾਮ ਕਰੀਬ 5:15 ਵਜੇ ਬਰਲਿੰਗਟਨ GO ਸਟੇਸ਼ਨ (2101 Fairview Street) ਦੇ ਦੱਖਣੀ ਪਾਰਕਿੰਗ ਲਾਟ ਵਿੱਚ ਵਾਪਰੀ। ਜਾਂਚ ਮੁਤਾਬਕ ਮੁਲਜ਼ਮ ਨੇ ਪਹਿਲਾਂ ਮਹਿਲਾ ਨਾਲ ਗੱਲਬਾਤ ਸ਼ੁਰੂ ਕੀਤੀ ਅਤੇ ਫਿਰ ਉਸ ਉੱਤੇ ਜਿਨਸੀ ਹਮਲਾ ਕੀਤਾ। ਪੀੜਤਾ ਮੌਕੇ ਤੋਂ ਨਿਕਲਣ ਵਿੱਚ ਕਾਮਯਾਬ ਹੋ ਗਈ, ਪਰ ਪੁਲਿਸ ਦਾ ਆਰੋਪ ਹੈ ਕਿ ਮਨਦੀਪ ਸਿੰਘ ਨੇ ਉਸ ਦਾ ਪਿੱਛਾ ਕੀਤਾ ਅਤੇ ਕੁਝ ਹੀ ਦੂਰੀ ’ਤੇ ਸਥਿਤ ਇੱਕ ਕਾਰੋਬਾਰੀ ਅਦਾਰੇ ਵਿੱਚ ਪਹੁੰਚ ਕੇ ਉਸ ਨਾਲ ਦੂਜੀ ਵਾਰ ਵੀ ਜਿਨਸੀ ਹਮਲਾ ਕੀਤਾ।

Advertisements

ਹਾਲਾਂਕਿ, ਇਸ ਘਟਨਾ ਵਿੱਚ ਪੀੜਤਾ ਨੂੰ ਕੋਈ ਸਰੀਰਕ ਸੱਟ ਨਹੀਂ ਲੱਗੀ। ਮਾਮਲੇ ਦੀ ਜਾਂਚ ਹਾਲਟਨ ਪੁਲਿਸ ਦੀ ਚਾਈਲਡ ਐਬਿਊਜ਼ ਐਂਡ ਸੈਕਸੁਅਲ ਅਸਾਲਟ (CASA) ਯੂਨਿਟ ਵੱਲੋਂ ਕੀਤੀ ਗਈ। ਜਾਂਚ ਦੌਰਾਨ ਮੁਲਜ਼ਮ ਦੀ ਪਹਿਚਾਣ ਹੋਣ ਉਪਰੰਤ 26 ਜੁਲਾਈ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਾਅਦ ਵਿੱਚ ਉਸ ਨੂੰ ਮਿਲਟਨ ਵਿਖੇ ਜ਼ਮਾਨਤ ਦੀ ਸੁਣਵਾਈ ਲਈ ਹਿਰਾਸਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸ ਵਿਰੁੱਧ ਜਿਨਸੀ ਹਮਲੇ ਦੇ ਦੋ ਆਰੋਪ ਲਗਾਏ ਗਏ ਹਨ। ਪੁਲਿਸ ਨੂੰ ਖ਼ਦਸ਼ਾ ਹੈ ਕਿ ਇਸ ਡਰਾਈਵਰ ਦਾ ਅਪਰਾਧਿਕ ਪਿਛੋਕੜ ਹੋ ਸਕਦਾ ਹੈ ਜਾਂ ਇਸ ਨੇ ਪਹਿਲਾਂ ਵੀ ਹੋਰ ਮਹਿਲਾਵਾਂ ਨੂੰ ਨਿਸ਼ਾਨਾ ਬਣਾਇਆ ਹੋਵੇਗਾ। ਇਸ ਲਈ ਪ੍ਰਸ਼ਾਸਨ ਨੇ ਆਰੋਪੀ ਦੀ ਤਸਵੀਰ ਜਾਰੀ ਕਰਦਿਆਂ ਜਨਤਕ ਅਪੀਲ ਕੀਤੀ ਹੈ ਕਿ ਜੇਕਰ ਕੋਈ ਹੋਰ ਵਿਅਕਤੀ ਜਾਂ ਮਹਿਲਾ ਇਸ ਦਾ ਸ਼ਿਕਾਰ ਹੋਈ ਹੈ, ਤਾਂ ਉਹ ਬਿਨਾਂ ਕਿਸੇ ਡਰ ਤੋਂ 905-825-4777 (ਐਕਸਟੈਨਸ਼ਨ 8970) ’ਤੇ CASA ਯੂਨਿਟ ਨਾਲ ਸੰਪਰਕ ਕਰ ਸਕਦੀ ਹੈ। ਗੁਪਤ ਜਾਣਕਾਰੀ Crime Stoppers ਰਾਹੀਂ ਵੀ ਦਿੱਤੀ ਜਾ ਸਕਦੀ ਹੈ।

LEAVE A REPLY

Please enter your comment!
Please enter your name here