
ਮਾਨਸਾ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਘਰਾਂ ਦੇ ਚਿਰਾਗ ਇੱਕ-ਇੱਕ ਕਰਕੇ ਇਸ ਮਾਰੂ ਨਸ਼ੇ ਦੀ ਭੇਂਟ ਚੜ੍ਹ ਰਹੇ ਹਨ। ਇਕ ਹੋਰ ਤਾਜ਼ਾ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਹੈ, ਜਿੱਥੇ ਵਾਰਡ ਨੰਬਰ 8 ਵਿੱਚ ਰਹਿਣ ਵਾਲੇ 30 ਸਾਲਾ ਅੰਗਰੇਜ਼ ਸਿੰਘ ਦੀ ਨਸ਼ੇ ਦੀ ਲਤ ਕਾਰਨ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।

ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪਹਿਲਾਂ ਚਿੱਟੇ ਦਾ ਸੇਵਨ ਕਰਦਾ ਸੀ, ਪਰ ਬਾਅਦ ਵਿੱਚ ਉਹ ਜੀਭ ਹੇਠਾਂ ਰੱਖੀ ਜਾਣ ਵਾਲੀ ਗੋਲੀ ਨੂੰ ਟੀਕੇ ਰਾਹੀਂ ਲੈਣ ਲੱਗ ਪਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਨਸ਼ੇ ਦੀ ਲਤ ਦਾ ਸ਼ਿਕਾਰ ਸੀ।
ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਅੰਗਰੇਜ਼ ਸਿੰਘ ਮਜ਼ਦੂਰੀ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਵੱਲੋਂ ਨਸ਼ੇ ਦਾ ਟੀਕਾ ਗਲਤ ਥਾਂ ਲਗਾਉਣ ਕਾਰਨ ਸਰੀਰ ਵਿੱਚ ਇਨਫੈਕਸ਼ਨ ਅਤੇ ਜ਼ਹਿਰ ਫੈਲ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।











