
ਦਿੱਲੀ (ਦ ਸਟੈਲਰ ਨਿਊਜ਼)। ਗੋਲਡੀ ਬਰਾੜ ਦੀ ਗ੍ਰਿਫਤਾਰੀ ਲਈ ਭਾਲ ਤੇਜ਼ ਹੋ ਗਈ ਹੈ। ਅਮਰੀਕਾ ਤੋਂ ਬਾਅਦ, ਕੈਨੇਡਾ ਵੀ ਉਸਦੀ ਗ੍ਰਿਫ਼ਤਾਰੀ ਦੀ ਕੋਸ਼ਿਸ਼ ਕਰ ਰਿਹਾ ਹੈ। BOLO ਪ੍ਰੋਗਰਾਮ ਨੇ ਕੈਨੇਡਾ ਦੇ 25 ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਦੀ ਇੱਕ ਨਵੀਂ ਲਿਸਟ ਜਾਰੀ ਕੀਤੀ, ਜਿਸ ਵਿੱਚ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਟਾੱਪ ਤੇ ਹੈ। ਕੈਨੇਡੀਅਨ ਸਰਕਾਰ ਗੋਲਡੀ ਦੀ ਗ੍ਰਿਫ਼ਤਾਰੀ ਲਈ ਜਾਣਕਾਰੀ ਪ੍ਰਦਾਨ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ 2.5 ਮਿਲੀਅਨ ਕੈਨੇਡੀਅਨ ਡਾਲਰ ਦਾ ਇਨਾਮ ਦਏਗੀ। ਇਹ ਮਾਮਲਾ ਸਤੰਬਰ 2023 ਵਿੱਚ ਵਿਨੀਪੈਗ ਦੇ ਹੇਜ਼ਲਟਨ ਡਰਾਈਵ ਇਲਾਕੇ ਵਿੱਚ ਹੋਏ 39 ਸਾਲਾ ਸੁਖਦੂਲ ਸਿੰਘ ਗਿੱਲ ਉਰਫ਼ ਸੁੱਖਾ ਦੁੱਨੇਕੇ ਦੇ ਕਤਲ ਨਾਲ ਜੁੜਿਆ ਹੋਇਆ ਹੈ।

ਕੈਨੇਡੀਅਨ ਪੁਲਿਸ ਅਨੁਸਾਰ, ਇਸ ਕਤਲ ਕਾਂਡ ਵਿੱਚ ਫਸਟ-ਡਿਗਰੀ ਮਰਡਰ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ 23 ਫਰਵਰੀ 2026 ਨੂੰ ਗੋਲਡੀ ਬਰਾੜ ਅਤੇ ਉਸ ਦੇ 26 ਸਾਲਾ ਸਾਥੀ ਕਰਨਬੀਰ ਸਿੰਘ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਸਨ। ਵਿਨੀਪੈਗ ਪੁਲਿਸ ਨੇ ਗੋਲਡੀ ਬਰਾੜ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਅਹਿਮ ਮੈਂਬਰ ਦੱਸਿਆ ਹੈ, ਜਿਸ ਨੂੰ ਕੈਨੇਡਾ ਸਰਕਾਰ ਵੱਲੋਂ ਪਿਛਲੇ ਸਾਲ ਅੱਤਵਾਦੀ ਸੰਗਠਨ ਐਲਾਨਿਆ ਜਾ ਚੁੱਕਾ ਹੈ। ਪੁਲਿਸ ਮੁਤਾਬਕ ਬਰਾੜ 2017 ਵਿੱਚ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਆਇਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿੱਚ ਅਮਰੀਕੀ ਏਜੰਸੀ FBI ਨੇ ਵੀ ਗੋਲਡੀ ਬਰਾੜ ਨੂੰ ਆਪਣੀ ‘ਟੌਪ-10 ਮੋਸਟ ਵਾਂਟੇਡ’ ਸੂਚੀ ਵਿੱਚ ਸ਼ਾਮਲ ਕਰਦਿਆਂ ਉਸ ਦੀ ਗ੍ਰਿਫ਼ਤਾਰੀ ਲਈ 10 ਲੱਖ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਸੀ। ਵਿਨੀਪੈਗ ਪੁਲਿਸ ਦੇ ਡਿਪਟੀ ਚੀਫ਼ ਕੈਮ ਮੈਕਿਡ ਨੇ ਬਰਾੜ ਨੂੰ ਬੇਹੱਦ ਖ਼ਤਰਨਾਕ ਅਪਰਾਧੀ ਕਰਾਰ ਦਿੰਦਿਆਂ ਕਿਹਾ ਕਿ ਹੁਣ ਅਮਰੀਕਾ ਅਤੇ ਕੈਨੇਡਾ ਦੀਆਂ ਪੁਲਿਸ ਏਜੰਸੀਆਂ ਸਾਂਝੇ ਤੌਰ ‘ਤੇ ਉਸ ਦੀ ਭਾਲ ਕਰ ਰਹੀਆਂ ਹਨ।












